ਕੇਂਦਰੀ ਮੰਤਰੀ ਦੇ ਪੁੱਤਰ ਦਾ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 3 ਕਾਬੂ

10/29/2019 12:16:03 PM

ਨਕੋਦਰ (ਪਾਲੀ)— ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਪੁੱਤਰ ਦੇ ਪੈਟਰੋਲ ਪੰਪ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 3 ਨੌਜਵਾਨਾਂ ਨੂੰ ਸਿਟੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਸੰਦੀਪ ਗਰੋਵਰ ਪੁੱਤਰ ਹਰਬੰਸ ਗਰੋਵਰ ਵਾਸੀ ਅਬੋਹਰ ਹਾਲ ਵਾਸੀ ਐੱਸ. ਐੱਸ. ਫਿਲਿੰਗ ਸਟੇਸ਼ਨ ਮਲਸੀਆਂ ਰੋਡ ਨਕੋਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਉਕਤ ਪੰਪ 'ਤੇ ਸੇਲਜ਼ਮੈਨ ਵਜੋਂ ਨੌਕਰੀ ਕਰਦਾ ਹੈ। ਬੀਤੀ 23 ਅਕਤੂਬਰ ਨੂੰ ਰਾਤ ਪੌਣੇ 9 ਵਜੇ ਪੈਟਰੋਲ ਪੰਪ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਆਏ ਅਤੇ 500 ਰੁਪਏ ਦਾ ਪੈਟਰੋਲ ਪੁਆ ਲਿਆ। ਮੋਟਰਸਾਈਕਲ ਦੇ ਪਿੱਛੇ ਬੈਠੇ 2 ਨੌਜਵਾਨ ਉੱਤਰ ਗਏ। ਤੇਲ ਦੇ ਪੈਸੇ ਮੰਗਣ 'ਤੇ ਇਕ ਨੌਜਵਾਨ ਨੇ ਡੱਬ 'ਚੋਂ ਦਾਤਰ ਕੱਢ ਕੇ ਉਸ ਨੂੰ ਕਹਿਣ ਲੱਗਾ ਕਿ ਜੇਕਰ ਜਾਨ ਪਿਆਰੀ ਹੈ ਤਾਂ ਜਿੰਨੇ ਪੈਸੇ ਤੇਰੇ ਕੋਲ ਹੈ ਕੱਢ ਦੇ। ਜਿਨ੍ਹਾਂ ਨਾਲ ਉਸ ਦੀ ਹੱਥੋਪਾਈ ਵੀ ਹੋਈ ਅਤੇ ਰੌਲਾ ਪਾਉਣ 'ਤੇ ਪੰਪ 'ਤੇ ਮੌਜੂਦ ਹੰਸ ਰਾਜ ਅਤੇ ਹੋਰ ਸਟਾਫ ਮੈਂਬਰ ਮੇਰੀ ਮਦਦ ਲਈ ਆਏ ਤਾਂ ਉਕਤ ਤਿੰਨੋਂ ਨੌਜਵਾਨ ਮੋਟਰਸਾਈਕਲ 'ਤੇ ਫਰਾਰ ਹੋ ਗਏ ਪਰ ਪਿੱਛੇ ਬੈਠੇ ਵਿਅਕਤੀ ਦਾ ਮੋਬਾਇਲ ਮੌਕੇ 'ਤੇ ਡਿੱਗ ਗਿਆ।

ਕੀ ਹੋਈ ਪੁਲਸ ਕਾਰਵਾਈ
ਸਿਟੀ ਥਾਣਾ ਮੁਖੀ ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਐੱਸ. ਐੱਸ. ਫਿਲਿੰਗ ਸਟੇਸ਼ਨ ਦੇ ਸੈਲਜ਼ਮੈਨ ਸੰਦੀਪ ਗਰੋਵਰ ਦੇ ਬਿਆਨਾਂ 'ਤੇ ਥਾਣਾ ਸਿਟੀ ਨਕੋਦਰ ਵਿਖੇ ਅਣਪਛਾਤੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਉਕਤ ਮਾਮਲੇ ਸਬੰਧੀ ਪੁਲਸ ਦੇ ਹੱਥ ਅਹਿਮ ਸੁਰਾਗ ਲੱਗੇ। ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਗੁਰਦਿਆਲ ਸਿੰਘ ਸਮੇਤ ਪੁਲਸ ਪਾਰਟੀ ਸਥਾਨਕ ਦਾਣਾ ਮੰਡੀ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਇਕ ਦਾਤਰ, ਇਕ ਏਅਰ ਪਿਸਤੌਲ ਸਮੇਤ ਕਾਬੂ ਕਰਕੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ। ਜਿਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ, ਰਾਜਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੌਲਤਪੁਰ ਢੱਡਾ (ਸ਼ਾਹਕੋਟ) ਵਜੋਂ ਹੋਈ, ਜਿਨ੍ਹਾਂ ਨੂੰ ਉਕਤ ਮਾਮਲੇ 'ਚ ਗ੍ਰਿਫਤਾਰ ਕਰਕੇ ਵਾਰਦਾਤ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

shivani attri

This news is Content Editor shivani attri