ਦਲਿਤ ਸੰਗਠਨਾਂ ਨੇ ਕੀਤੀ ਨਗਰ ਨਿਗਮ, ਮੋਦੀ ਸਰਕਾਰ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ

04/14/2018 12:41:20 PM

ਫਗਵਾੜਾ (ਜਲੋਟਾ)— ਫਗਵਾੜਾ ਦੀ ਪੌਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ 'ਚ ਸ਼ੁੱਕਰਵਾਰ ਬਾਅਦ ਦੁਪਹਿਰ ਭਾਰੀ ਹੰਗਾਮਾ ਹੋ ਗਿਆ, ਜਦ ਨਗਰ ਨਿਗਮ ਟੀਮ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪਾਰਕ 'ਚ ਭਾਜਪਾ ਖਿਲਾਫ ਸ਼ਹਿਰ ਦੇ ਸਮੂਹ ਦਲਿਤ ਸੰਗਠਨਾਂ ਵੱਲੋਂ ਐੱਸ. ਸੀ/ਐੱਸ. ਟੀ. ਐਕਟ ਨੂੰ ਮੁੱਦਾ ਬਣਾ ਕੇ ਲਗਾਏ ਗਏ ਫਲੈਕਸ ਬੋਰਡਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਨਿਗਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਕਾਰਨ ਇਲਾਕੇ 'ਚ ਜਦ ਹਫੜਾ-ਦਫੜੀ ਮਚ ਗਈ ਜਦ ਨਿਗਮ ਟੀਮ ਦੇ ਜਾਰੀ ਐਕਸ਼ਨ ਦੀ ਸੂਚਨਾ ਮਿਲਦੇ ਹੀ ਭਾਰੀ ਸੰਖਿਆ 'ਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਿਗਮ, ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਵਿਗੜਦੀ ਵੇਖ ਕੇ ਸਰਕਾਰੀ ਅਮਲਾ ਮੌਕਾ ਦੇਖਦੇ ਹੀ ਬੋਰਡਾਂ ਨੂੰ ਪਾਰਕ 'ਚ ਰੱਖ ਕੇ ਵਾਪਸ ਬੇਰੰਗ ਮੁੜ ਗਿਆ, ਜਿਸ ਤੋਂ ਬਾਅਦ ਦਲਿਤ ਭਾਈਚਾਰੇ ਨੇ ਦੁਬਾਰਾ ਬੋਰਡਾਂ ਨੂੰ ਉਸੇ ਸਥਾਨ 'ਤੇ ਲਗਾ ਦਿੱਤਾ। 
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਰਾਸ਼ਟਰੀ ਪ੍ਰਧਾਨ ਹਰਭਜਨ ਸੁਮਨ ਅਤੇ ਯਸ਼ ਸ਼ਰਮਾ ਨੇ ਦਸਿਆ ਕਿ ਦਲਿਤਾਂ ਨਾਲ ਜੋ ਸਰਕਾਰੀ ਅਮਲੇ ਨੇ ਕੀਤਾ ਹੈ, ਉਸ ਪਿੱਛੇ ਰਾਜਨੀਤਕ ਕਾਰਨ ਹਨ। ਉਨ੍ਹਾਂ ਨੇ ਕਿਹਾ ਕਿ ਦਲਿਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਦਲਿਤ ਭਾਈਚਾਰਾ ਪਾਰਕ 'ਚ ਹੀ ਮੌਜੂਦ ਸੀ ਅਤੇ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਬੋਰਡਾਂ ਨੂੰ ਉਤਾਰਨ ਨਹੀਂ ਦੇਣਗੇ।