ਸੁਖਬੀਰ ਬਾਦਲ ਦੇ ਕਹਿਣ ''ਤੇ ਪੰਜਾਬ ''ਚ ਧੱਕੇ ਹੁੰਦੇ ਰਹੇ : ਜਾਖੜ

10/27/2017 4:40:19 AM

ਅੰਮ੍ਰਿਤਸਰ (ਪ੍ਰਵੀਨ ਪੁਰੀ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਨੂੰ ਪੂਰੇ ਅਖਤਿਆਰ ਦਿੱਤੇ ਹਨ ਕਿ ਕਿਸੇ ਵੀ ਸੂਰਤ ਵਿਚ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਨੀ ਨਹੀਂ ਚਾਹੀਦੀ ਅਤੇ ਜੋ ਵੀ ਪੰਜਾਬ ਦੀ ਸ਼ਾਂਤੀ ਦੇ ਨਾਲ ਖਿਲਵਾੜ ਕਰਨਾ ਚਾਹੁੰਦਾ ਹੈ, ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਸ ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਰਾਜ ਰਿਹਾ ਅਤੇ ਅਕਾਲੀ ਆਗੂਆਂ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਪੰਜਾਬ 'ਚ ਧੱਕੇ ਹੁੰਦੇ ਰਹੇ ਹਨ।
 ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਕੈਪ. ਅਮਰਿੰਦਰ ਸਿੰਘ ਦੇ ਰਾਜ ਵਿਚ ਪੂਰਾ ਇਨਸਾਫ ਮਿਲ ਰਿਹਾ ਹੈ, ਜਦੋਂ ਕਿ ਅਕਾਲੀਆਂ ਦੇ ਰਾਜ 'ਚ ਲੋਕੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹੇ। ਉਹ ਅੱਜ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਕਾਂਗਰਸ ਦੇ ਨੌਜਵਾਨ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਦੇ ਘਰ ਸਿਸ਼ਟਾਚਾਰ ਵਜੋਂ ਆਏ ਸਨ। ਉਨ੍ਹਾਂ ਦਾ ਸਵਾਗਤ ਡਾ. ਭੁਪਿੰਦਰ ਸਿੰਘ ਸੱਚਰ, ਗੁਰਪ੍ਰੀਤ ਕੌਰ ਸੱਚਰ, ਜੈਸਮੀਨ ਕੌਰ ਸੱਚਰ, ਗੁਰਸਿਮਰਜੀਤ ਸਿੰਘ, ਦਵਿੰਦਰ ਕੌਰ, ਤਰੁਣਜੋਤ ਸਿੰਘ ਤੇ ਰਿਸ਼ਮਦੀਪ ਕੌਰ ਸੱਚਰ ਵੱਲੋਂ ਕੀਤਾ ਗਿਆ। ਜਾਖੜ ਖਾਸ ਤੌਰ 'ਤੇ ਉਨ੍ਹਾਂ ਦੇ ਮਾਤਾ ਸਰਦਾਰਨੀ ਅਵਤਾਰ ਕੌਰ ਨੂੰ ਮਿਲਣ ਆਏ ਸਨ। ਜ਼ਿਕਰਯੋਗ ਹੈ ਕਿ ਸੱਚਰ ਦੇ ਮਾਤਾ ਅਵਤਾਰ ਕੌਰ ਵੀ ਅਬੋਹਰ ਦੇ ਜੰਮਪਲ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਸ਼੍ਰੀ ਬਲਰਾਮ ਜਾਖੜ ਦੇ ਕਰੀਬੀ ਸਨ। ਮਾਤਾ ਅਵਤਾਰ ਕੌਰ ਨੇ ਸੁਨੀਲ ਜਾਖੜ ਨੂੰ ਜਿੱਤ 'ਤੇ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾ ਕੇ ਆਪਣੇ ਛੋਟੇ ਭਰਾ ਦੀ ਤਰ੍ਹਾਂ ਗੱਲਵਕੜੀ 'ਚ ਲਿਆ ਤੇ ਪਿਆਰ ਦਿੱਤਾ।