ਸ਼ਹੀਦ ਭਗਤ ਸਿੰਘ ਚੌਕ ''ਚ ਸੀਵਰੇਜ ਜਾਮ ਨਾਲ ਲੋਕ ਪ੍ਰੇਸ਼ਾਨ

09/15/2017 7:11:02 AM

ਕਪੂਰਥਲਾ, (ਮਲਹੋਤਰਾ)- ਇਤਿਹਾਸਕ ਸ਼ਹਿਰ ਕਪੂਰਥਲਾ ਦੇ ਮੁੱਖ ਚੌਕ ਸ਼ਹੀਦ ਭਗਤ ਸਿੰਘ ਚੌਕ 'ਚ ਸੀਵਰੇਜ ਜਾਮ ਹੋਣ ਨਾਲ ਗੰਦਾ ਪਾਣੀ ਸੜਕ 'ਤੇ ਫੈਲ ਰਿਹਾ ਹੈ, ਜਿਸ ਕਾਰਨ ਖੇਤਰ ਵਾਸੀਆਂ ਨੂੰ ਡੇਂਗੂ ਦਾ ਡਰ ਹੈ ਪਰ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੌਂ ਰਿਹਾ ਹੈ। 'ਜਗ ਬਾਣੀ' ਦੀ ਟੀਮ ਵਲੋਂ ਜਦੋਂ ਸ਼ਹੀਦ ਭਗਤ ਸਿੰਘ ਚੌਕ ਦਾ ਦੌਰਾ ਕੀਤਾ ਗਿਆ ਤਾਂ ਖੇਤਰ ਨਿਵਾਸੀ ਐਡਵੋਕੇਟ ਉਪਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਖੇਤਰ ਦਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਖਰਾਬ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਨਾਲ ਪੂਰੀ ਰੈੱਡ ਕਰਾਸ ਮਾਰਕੀਟ ਦੇ ਅੱਗੇ ਸੀਵਰੇਜ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਸਾਰਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਐਡਵੋਕੇਟ ਪਰਮਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਡੀ. ਸੀ. ਦਫਤਰ ਦੇ ਸੀਵਰੇਜ ਦਾ ਪਾਣੀ ਇਸ ਖੇਤਰ 'ਚ ਆ ਰਿਹਾ ਹੈ। ਕਈ ਵਾਰ ਇਸ ਸਬੰਧੀ ਸਮਾਚਾਰ ਪੱਤਰ ਰਾਹੀਂ  ਤੇ ਖੁਦ ਮਿਲ ਕੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ ਪਰ ਇਸਦਾ ਕਿਸੇ 'ਤੇ ਕੋਈ ਅਸਰ ਨਹੀਂ।
ਇਲਾਕਾ ਨਿਵਾਸੀ ਤਰਸੇਮ ਲਾਲ ਬਹਿਲ ਤੇ ਅਵਲ ਕੁਮਾਰ ਬਹਿਲ ਨੇ ਦੱਸਿਆ ਕਿ ਪੂਰੇ ਸ਼ਹਿਰ 'ਚ ਲੋਕ ਡੇਂਗੂ ਬੀਮਾਰੀ ਦੀ ਦਹਿਸ਼ਤ 'ਚ ਹਨ। ਇਲਾਕਾ ਨਿਵਾਸੀਆਂ ਨੇ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਪਾਸ਼ ਏਰੀਏ ਸ਼ਹੀਦ ਭਗਤ ਸਿੰਘ ਚੌਕ, ਸਬਜ਼ੀ ਮੰਡੀ 'ਚ ਪੱਕੇ ਤੌਰ 'ਤੇ ਸੀਵਰੇਜ ਪ੍ਰਣਾਲੀ ਨੂੰ ਠੀਕ ਕਰਵਾਇਆ ਜਾਵੇ। ਇਸ ਮੌਕੇ ਰਮੇਸ਼ ਕੁਮਾਰ ਸ਼ਰਮਾ, ਰਣਜੀਤ ਸਿੰਘ, ਰਮੇਸ਼ ਅਰੋੜਾ, ਸਤਪਾਲ ਅਰੋੜਾ, ਪ੍ਰਵੀਨ ਅਰੋੜਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।