ਰੇਲਵੇ ਠੇਕੇਦਾਰ ਵੱਲੋਂ 6 ਪਿੰਡਾਂ ਦਾ ਰਸਤਾ ਬੰਦ ਕਰਨ ''ਤੇ ਲੋਕਾਂ ਕੀਤੀ ਨਾਅਰੇਬਾਜ਼ੀ

01/15/2018 10:09:25 AM


ਮਮਦੋਟ (ਜਸਵੰਤ, ਸ਼ਰਮਾ) - ਫਿਰੋਜ਼ਪੁਰ-ਫਾਜ਼ਿਲਕਾ ਰੇਲਵੇ ਲਾਈਨ 'ਤੇ ਪੈਂਦੇ ਪਿੰਡ ਦਿਲਾ ਰਾਮ ਦੇ ਨਜ਼ਦੀਕ ਰੇਲਵੇ ਵਿਭਾਗ ਵੱਲੋਂ ਅੰਡਰ ਗਰਾਊਂਡ ਬਣਾਏ ਜਾ ਰਹੇ ਸੜਕੀ ਰਸਤੇ ਕਾਰਨ ਇਸ ਸੜਕ ਤੋਂ ਲੰਘਦੇ ਅੱਧੀ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ ਜਿਸ ਕਾਰਨ ਪਿੰਡਾਂ ਦੇ ਲੋਕਾਂ ਵੱਲੋਂ ਠੇਕੇਦਾਰ ਅਤੇ ਰੇਲਵੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪਿੰਡ ਦਿਲਾ ਰਾਮ ਦੇ ਗੁਰਜੰਟ ਸਿੰਘ, ਅੰਗੂਰ ਸਿੰਘ, ਰਛਪਾਲ ਸਿੰਘ ਬਗੀਚਾ ਸਿੰਘ, ਜਗਦੀਸ਼ ਸਿੰਘ, ਕਰਨੈਲ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ ਅਤੇ ਝੋਕ ਮੋਹੜੇ ਤੋਂ ਗੁਰਪ੍ਰੀਤ ਸਿੰਘ, ਚਿਮਨ ਸਿੰਘ ਅਲੀਕੇ, ਦਰਸ਼ਨ ਸਿੰਘ ਸਾਬਕਾ ਸਰਪੰਚ ਮਿਸ਼ਰੀ ਵਾਲਾ, ਵਿਨੋਦ ਕੁਮਾਰ ਅਤੇ ਹੋਰ ਦਰਜਨਾਂ ਲੋਕਾਂ ਨੇ ਦੱਸਿਆ ਕਿ ਸਬੰਧਿਤ ਠੇਕੇਦਾਰ ਜਾਣਬੁੱਝ ਕੇ ਜਿਸ ਜਗ੍ਹਾ 'ਤੇ ਅੰਡਰ ਗਰਾਊਂਡ ਰਸਤੇ ਦਾ ਨਕਸ਼ਾ ਪਾਸ ਹੋਇਆ ਹੈ ਉਸ ਥਾਂ ਤੋਂ ਇਕ ਪਾਸੇ ਰਸਤਾ ਬਣਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਪਿੰਡ ਦਿਲਾ ਰਾਮ ਦੇ ਨਜ਼ਦੀਕ ਪੈਂਦੇ ਫਾਟਕ ਨੰਬਰ ਸੀ-28 ਅਤੇ ਪਿੰਡ ਕੋਹਰ ਸਿੰਘ ਵਾਲਾ ਨੂੰ ਜਾਂਦੇ ਰਸਤੇ 'ਤੇ ਪੈਂਦੇ ਫਾਟਕ ਨੰਬਰ ਸੀ-30 ਨੂੰ ਇਕੋ ਸਮੇਂ ਅੰਡਰ ਗਰਾਊਂਡ ਰਸਤਾ ਬਣਾਉਣ ਲਈ ਜੇ. ਸੀ. ਬੀ. ਮਸ਼ੀਨਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਸੈਂਕੜੇ ਲੋਕਾਂ ਲਈ ਗੁਰੂਹਰਸਹਾਏ ਜਾਣ ਲਈ ਰਸਤਾ ਬੰਦ ਹੋ ਗਿਆ ਹੈ ਅਤੇ ਕਿਸੇ ਮਰੀਜ਼ ਨੂੰ ਲਿਜਾਣ ਲਈ ਕਈ ਕਿਲੋਮੀਟਰ ਰਸਤਾ ਤੈਅ ਕਰ ਕੇ ਹਸਪਤਾਲ ਲਿਜਾਣਾ ਪਵੇਗਾ। ਉਧਰ ਸਬੰਧਤ ਠੇਕੇਦਾਰ ਦੀਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਰਸਤਾ ਪਾਸ ਹੈ, ਉਸ ਜਗ੍ਹਾ 'ਤੇ ਨਾਲ ਲੱਗਦੀ ਕਾਲੋਨੀ ਦੇ ਲੋਕਾਂ ਨੇ ਆਪਣੇ ਘਰਾਂ ਨੂੰ ਰਸਤਾ ਬੰਦ ਹੋਣ ਬਾਰੇ ਕਿਹਾ ਹੈ ਜਿਸ ਕਾਰਨ ਅਧਿਕਾਰੀਆਂ ਨਾਲ ਗੱਲ ਕਰ ਕੇ ਅੰਡਰ ਗਰਾਊਂਡ ਰਸਤਾ ਦੂਸਰੀ ਥਾਂ ਤੋਂ ਕੱਢਿਆ ਜਾ ਰਿਹਾ ਹੈ ਪਰ ਬੰਦ ਰਸਤੇ ਬਾਰੇ ਉਨ੍ਹਾਂ ਕਿਹਾ ਕਿ ਵਿਭਾਗ ਦੀ ਮਨਜ਼ੂਰੀ ਨਾਲ ਰਸਤਾ ਬੰਦ ਕੀਤਾ ਹੈ ਪਰ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਉਹ ਕੋਈ ਜਵਾਬ ਨਹੀਂ ਦੇ ਸਕਿਆ।