ਸ਼ਹਿਰ ’ਚ ਪਾਰਕਾਂ ਦੀ ਦੁਰਦਸ਼ਾ, ਆਸ-ਪਾਸ ਰਹਿੰਦੇ ਲੋਕਾਂ ’ਚ ਰੋਸ

08/01/2018 1:30:11 AM

ਰੂਪਨਗਰ, (ਵਿਜੇ)- ਸ਼ਹਿਰ ’ਚ ਸਥਾਪਤ ਪਾਰਕਾਂ ਦੀ ਨਿਯਮਤ ਦੇਖ-ਰੇਖ ਨਾ ਹੋਣ ਕਾਰਨ ਇਨੀ ਦਿਨੀ ਇਹ ਪਾਰਕ ਦੁਰਦਸ਼ਾ ਦਾ ਸ਼ਿਕਾਰ ਹਨ। ਇਨ੍ਹਾਂ ’ਚ ਸ਼ਹੀਦੇ ਆਜਮ ਭਗਤ ਸਿੰਘ ਨਗਰ ਅਤੇ ਨਹਿਰੀ ਵਿਭਾਗ ਦੀ ਕਾਲੌਨੀ ਦੇ ਪਾਰਕ ਦੀ ਦੁਰਦਸ਼ਾ ਜਗ ਜਾਹਰ ਹੈ।
 ਸ਼ਹੀਦੇ ਆਜਮ ਭਗਤ ਸਿੰਘ ਨਗਰ ’ਚ ਜਗਬਾਣੀ ਦੀ ਟੀਮ ਨੇ ਦੌਰਾ ਕੀਤਾ ਤਾਂ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਕੇ.ਆਰ. ਗੋਇਲ ਅਤੇ ਅਡਵਾਈਜ਼ਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਲੌਨੀ ਨਗਰ ਸੁਧਾਰ ਟਰਸਟ ਦੁਆਰਾ ਸਥਾਪਤ ਹੈ ਅਤੇ ਇਹ ਪਾਰਕ ਵੀ ਟਰੱਸਟ ਦੇ ਅੰਡਰ ਤਿਆਰ ਹੋਇਆ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਕ ’ਚ ਨਿਯਮਿਤ ਦੇਖ-ਰੇਖ ਨਾ ਹੋਣ ਕਾਰਨ ਹੁਣ ਇਹ ਖਸਤਾ ਹਾਲਤ ’ਚ ਪਹੁੰਚ ਚੁੱਕਾ ਹੈ। ਪਾਰਕ ’ਚ ਲੋਕਾਂ ਦੇ ਬੈਠਣ ਲਈ ਬੈਂਚ ਨਹੀ ਹਨ ਅਤੇ ਬਾਂਊਡਰੀ ਵਾਲ ਕਈ ਸਥਾਨਾਂ ਤੋਂ ਟੁੱਟ ਚੁੱਕੀ ਹੈ। ਇਸ ਦੇ ਇਲਾਵਾ ਪਾਰਕ ’ਚ ਲੱਗਿਆ ਫੁਹਾਰਾ ਟੈਸਟਿੰਗ ਦੇ ਬਾਅਦ ਚਾਲੂ ਨਹੀ ਹੋ ਸਕਿਆ। ਇਸ ਦੇ ਇਲਾਵਾ ਲਾਈਟਿੰਗ ਦੀ ਵਿਵਸਥਾ ਨਾ ਹੋਣ ਕਾਰਨ ਇਥੇ ਜ਼ਹਿਰੀਲੇ ਜੀਵ-ਜੰਤੂਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ  ਦੱਸਿਆ ਕਿ ਕਾਲੌਨੀ ਦਾ ਕੁਝ ਹਿੱਸਾ ਕੌਂਸਲਰ ਹਰਵਿੰਦਰ ਸਿੰਘ ਹਵੇਲੀ ਦੇ ਅੰਡਰ ਅਤੇ ਕੁਝ ਹਿੱਸਾ ਕੌਂਸਲਰ ਜਸਵਿੰਦਰ ਕੌਰ ਸ਼ੈਲੀ ਦੇ ਕਾਰਜ ਖੇਤਰ ’ਚ ਆਉਂਦਾ ਹੈ ਅਤੇ ਬਾਵਜੂਦ ਇਸਦੇ ਪਾਰਕ ਦੀ ਦੇਖ-ਰੇਖ ਲਈ ਉੱਚਿਤ ਕਦਮ ਨਹੀ ਚੁੱਕੇ ਗਏ।
 ਨਹਿਰੀ ਵਿਭਾਗ ਦੀ ਕਾਲੌਨੀ ਦੇ ਸਾਹਮਣੇ ਬਣੇ ਪਾਰਕ ਨੇਡ਼ੇ ਲੱਗਿਆ ਗੰਦਗੀ ਦਾ ਢੇਰ
  ਇਸੇ ਤਰਾਂ ਹੈੱਡਵਰਕਸ ਸਥਿਤ ਵਾਟਰ ਲਿਲੀ ਦੇ ਨੇਡ਼ੇ ਸਥਾਪਤ ਨਹਿਰੀ ਵਿਭਾਗ ਦੀ ਕਾਲੌਨੀ ਦੇ ਸਾਹਮਣੇ ਬਣਿਆ ਪਾਰਕ ਅਣਦੇਖੀ ਦਾ ਸ਼ਿਕਾਰ ਬਣਿਆ ਹੋਇਆ ਹੈ। ਉਕਤ ਪਾਰਕ ਦੇ ਨੇਡ਼ੇ ਦੀਵਾਰ ਦੇ ਨਾਲ ਗੰਦਗੀ ਦਾ ਢੇਰ ਲੱਗਿਆ ਹੈ ਅਤੇ ਜੰਗਲੀ ਬੂਟੀ ਦੇ ਕਾਰਨ ਇਥੇ ਜ਼ਹਿਰੀਲੇ ਜੀਵ-ਜੰਤੂਆਂ ਦਾ ਖਤਰਾ ਰਹਿੰਦਾ ਹੈ। ਜੰਗਲੀ ਘਾਹ ਬੂਟੀ ਨੇ ਪਾਰਕ ’ਚ ਲੱਗੇ ਝੂਲਿਆਂ ਨੂੰ ਵੀ ਆਪਣੇ ਲਪੇਟ ’ਚ ਲੈ ਲਿਆ ਹੈ ਅਤੇ ਇਥੇ ਬੱਚੇ ਵੀ ਖੇਡਣ ਆਦਿ ਤੋਂ ਗੁਰੇਜ਼ ਕਰਦੇ ਹਨ। ਕਾਲੌਨੀ ਨਿਵਾਸੀਆਂ ਨੇ ਪ੍ਰਸਾਸ਼ਨ ਤੋਂ ਉਕਤ ਪਾਰਕਾਂ ਦੀ ਉਚਿਤ ਦੇਖ ਭਾਲ ਨੂੰ ਲੈ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ।