ਚੱਢਾ ਮਾਰਕੀਟ ''ਚ ਖੜ੍ਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

07/25/2017 5:54:08 AM

ਫਗਵਾੜਾ, (ਚਾਨਾ)- ਸ਼ਹਿਰ ਦਾ ਮੁਖ ਇਲਾਕਾ ਚੱਢਾ ਮਾਰਕੀਟ ਜਿਥੋਂ ਰੋਜ਼ਾਨਾ ਲੋਕ ਬੱਸ ਸਟੈਂਡ ਤੋਂ ਸ਼ਹਿਰ ਨੂੰ ਆਉਣ-ਜਾਣ ਲਈ ਗੁਜ਼ਰਦੇ ਹਨ ਅਤੇ ਇਥੋਂ ਦਾ ਸੀਵਰੇਜ ਜਾਮ ਪਿਆ ਹੋਇਆ ਹੈ ਅਤੇ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਹੈ ਪਰ ਇਸ ਸਬੰਧੀ ਮਹਿਕਮੇ ਨੇ ਚੁੱਪੀ ਧਾਰੀ ਹੋਈ ਹੈ ਤੇ ਕੁਝ ਵੀ ਕਰਨ ਤੋਂ ਬੇਵੱਸ ਨਜ਼ਰ ਆ ਰਿਹਾ ਹੈ। ਇਸ ਸਬੰਧੀ ਦੁਕਾਨਦਾਰ ਅਵਤਾਰ ਸਿੰਘ, ਨਿਰਮਲ ਸਿੰਘ, ਸੁਸ਼ੀਲ ਕੁਮਾਰ ਤੇ ਪਵਿੱਤਰ ਸਿੰਘ ਰੀਹਲ ਨੇ ਦਸਿਆ ਕਿ ਇਥੋਂ ਦੇ ਸੀਵਰੇਜ ਦਾ ਪਾਣੀ ਅਕਸਰ ਹੀ ਜਾਮ ਰਹਿੰਦਾ ਹੈ ਤੇ ਕਈ-ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ। ਜਿਸ ਕਾਰਨ ਮੱਛਰ ਪੈਦਾ ਹੋਣ ਨਾਲ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਮਹਿਕਮੇ ਨੂੰ ਕਈ ਵਾਰ ਸ਼ਿਕਾਇਤ ਲਿਖਵਾ ਚੁੱਕੇ ਹਨ ਪਰ ਮਹਿਕਮੇ ਦੇ ਅਧਿਕਾਰੀ ਤੇ ਕਈ ਸਿਆਸੀ ਆਗੂ ਮੌਕੇ ਦਾ ਜਾਇਜ਼ਾ ਤਾਂ ਲੈ ਜਾਂਦੇ ਹਨ ਪਰ ਹਾਲਾਤ ਜਿਉਂ ਦੇ ਤਿਉਂ ਹੀ ਬਣੇ ਰਹਿੰਦੇ ਹਨ। ਦੁਕਾਨਦਾਰਾਂ ਦਾ ਲੰਘਣਾ ਵੀ ਮੁਸ਼ਕਿਲ ਹੈ ਅਤੇ ਕਾਫੀ ਬਦਬੂ ਆ ਰਹੀ ਹੈ ਪਰ ਇਸ ਦਾ ਅਜੇ ਤਕ ਕੋਈ ਪੱਕਾ ਪ੍ਰਬੰਧ ਨਹੀਂ ਹੋ ਸਕਿਆ। ਦੁਕਾਨਦਾਰਾਂ ਨੇ ਨਗਰ ਨਿਗਮ ਪਾਸੋਂ ਮੰਗ ਕੀਤੀ ਕਿ ਇਸ ਦਾ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਜਲਦ ਹੀ ਅਗਲੀ ਰਣਨੀਤੀ ਤਿਆਰ ਕਰਕੇ ਸੰਘਰਸ਼ ਉਲੀਕਿਆ ਜਾਵੇਗਾ। ਵਰਨਣਯੋਗ ਹੈ ਕਿ ਇਹ ਮੁਖ ਇਲਾਕਾ ਹੈ। ਜਦੋਂ ਸ਼ਹਿਰ 'ਚ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇਹ ਮਾਰਕੀਟ ਦਰਿਆ ਦਾ ਰੂਪ ਧਾਰਨ ਕਰ ਜਾਂਦੀ ਹੈ ਅਤੇ ਇਥੋਂ ਲੰਘਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।