ਨਗਰ ਨਿਗਮ ਚੋਣਾਂ ’ਚ ਮੁੱਦਾ ਬਣਨਗੇ ਸਮਾਰਟ ਸਿਟੀ ਦੇ ਲਟਕ ਰਹੇ ਪ੍ਰਾਜੈਕਟ

06/25/2023 2:29:20 PM

ਜਲੰਧਰ (ਖੁਰਾਣਾ)–ਮੋਦੀ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਜਿਹੜੀ ਕਰੋੜਾਂ ਰੁਪਏ ਦੀ ਗ੍ਰਾਂਟ ਆਈ, ਉਸ ਵਿਚ ਕਾਂਗਰਸ ਸਰਕਾਰ ਦੇ ਸਮੇਂ ਨਾ ਸਿਰਫ਼ ਭਾਰੀ ਗੜਬੜੀ ਕੀਤੀ ਗਈ, ਸਗੋਂ ਬਹੁਤ ਘਟੀਆ ਪੱਧਰ ਦੇ ਕੰਮ ਵੀ ਕਰਵਾਏ ਗਏ। ਹੁਣ ਹਾਲਾਤ ਇਹ ਹਨ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਜਾਂ ਤਾਂ ਫੇਲ ਹੋ ਚੁੱਕੇ ਹਨ ਜਾਂ ਠੱਪ ਪਏ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਭਗ ਡੇਢ ਸਾਲ ਪਹਿਲਾਂ ਜਲੰਧਰ ਸਮਾਰਟ ਸਿਟੀ ਦੇ ਰੁਕੇ ਹੋਏ ਕੰਮਾਂ ਵਿਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਕਈ ਯਤਨ ਵੀ ਹੋਏ ਪਰ ਇਨ੍ਹਾਂ ਯਤਨਾਂ ਦਾ ਕੋਈ ਖਾਸ ਲਾਭ ਨਹੀਂ ਹੋਇਆ, ਜਿਸ ਕਾਰਨ ਅੱਜ ਵੀ ਸਮਾਰਟ ਸਿਟੀ ਦੇ ਰੁਕੇ ਅਤੇ ਲਟਕ ਰਹੇ ਕੰਮਾਂ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਘੱਟ ਨਹੀਂ ਰਹੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਸਮਾਰਟ ਸਿਟੀ ਦੇ ਅਧੂਰੇ ਕੰਮ ਮੁੱਦਾ ਬਣ ਸਕਦੇ ਹਨ, ਜਿਨ੍ਹਾਂ ਨੂੰ ਜੇਕਰ ਪੂਰਾ ਨਾ ਕੀਤਾ ਗਿਆ ਤਾਂ ਇਸ ਸਥਿਤੀ ਦਾ ਸਿੱਧਾ ਨੁਕਸਾਨ ‘ਆਪ’ ਦੇ ਉਮੀਦਵਾਰਾਂ ਨੂੰ ਵੀ ਉਠਾਉਣਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਨੂੰ ਸਮੇਟਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਪੰਜਾਬ ਨੂੰ ਕੁਝ ਵਾਧੂ ਸਮਾਂ ਦਿੱਤਾ ਗਿਆ ਹੈ। ਇਸ ਮਿਆਦ ਵਿਚ ਸਮਾਰਟ ਸਿਟੀ ਨਾਲ ਸਬੰਧਤ ਸਾਰੇ ਕੰਮ ਪੂਰੇ ਕਰ ਲਏ ਜਾਣ, ਨਹੀਂ ਤਾਂ ਉਨ੍ਹਾਂ ’ਤੇ ਖਰਚ ਸੂਬਾ ਸਰਕਾਰ ਜਾਂ ਨਿਗਮਾਂ ਨੂੰ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

ਫੇਲ ਹੋ ਗਏ ਹਨ ਬਰਲਟਨ ਪਾਰਕ ਅਤੇ ਬਾਇਓ-ਮਾਈਨਿੰਗ ਪਲਾਂਟ ਪ੍ਰਾਜੈਕਟ
ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਉਦਘਾਟਨ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋ ਗਿਆ ਸੀ ਅਤੇ ਥੋੜ੍ਹਾ-ਬਹੁਤ ਕੰਮ ਵੀ ਸ਼ੁਰੂ ਹੋ ਗਿਆ ਸੀ। ਇਹ ਪ੍ਰਾਜੈਕਟ ਲੰਮੇ ਸਮੇਂ ਤਕ ਠੱਪ ਪਿਆ ਰਿਹਾ ਅਤੇ ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਅਫਸਰਾਂ ਵੱਲੋਂ ਪ੍ਰਾਜੈਕਟ ਦੀ ਡਰਾਇੰਗ ਤਕ ਨੂੰ ਫਾਈਨਲ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਕੰਪਨੀ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ, ਇਸ ਨਾਲ ਆਮ ਲੋਕ ਖ਼ਾਸ ਕਰਕੇ ਖੇਡ ਪ੍ਰੇਮੀ ਬਹੁਤ ਨਿਰਾਸ਼ ਹੋਏ। ਕਿਸੇ ਆਗੂ ਨੇ ਇਸ ਪ੍ਰਾਜੈਕਟ ਨੂੰ ਬਚਾਉਣ ਦਾ ਯਤਨ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਪ੍ਰਾਜੈਕਟ ਦੋਬਾਰਾ ਸ਼ੁਰੂ ਨਹੀਂ ਹੁੰਦਾ ਤਾਂ ਇਹ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੋਵੇਗਾ, ਜਿਸ ਦਾ ਅਸਰ ਨਿਗਮ ਚੋਣਾਂ ਵਿਚ ਵੀ ਵੇਖਣ ਨੂੰ ਮਿਲੇਗਾ। ਇਸੇ ਤਰ੍ਹਾਂ ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਵਰਿਆਣਾ ਡੰਪ ’ਤੇ ਲੱਗਣ ਜਾ ਰਿਹਾ ਬਾਇਓ-ਮਾਈਨਿੰਗ ਪਲਾਂਟ ਵੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਿਆ। ਕੰਪਨੀ ਦਾ ਕਾਂਟਰੈਕਟ ਰੱਦ ਕੀਤਾ ਜਾ ਚੁੱਕਾ ਹੈ। 2 ਸਾਲ ਤਕ ਅਫਸਰਾਂ ਨੇ ਸਿਰਫ ਕਾਗਜ਼ੀ ਕੰਮ ਹੀ ਕੀਤਾ। ਇਸ ਪ੍ਰਾਜੈਕਟ ਦੇ ਫੇਲ ਹੋਣ ਦਾ ਸਿੱਧਾ ਅਸਰ ਸ਼ਹਿਰ ਦੀ ਸਾਫ-ਸਫਾਈ ਵਿਵਸਥਾ ’ਤੇ ਪੈ ਰਿਹਾ ਹੈ। ਇਸ ਦੇ ਫੇਲ ਹੋਣ ਨਾਲ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀਨਿਧੀ ਨਿਰਾਸ਼ ਹਨ।

ਇਹ ਵੀ ਪੜ੍ਹੋ- IELTS ਸੈਂਟਰਾਂ ’ਚ ਲੱਭੀਆਂ ਜਾ ਰਹੀਆਂ ਹਨ ਵਿਦੇਸ਼ ਲਿਜਾਣ ਵਾਲੀਆਂ ਕੁੜੀਆਂ, ਸਾਹਮਣੇ ਆਏ ਹੈਰਾਨ ਕਰਦੇ ਅੰਕੜੇ

ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਇਹ ਪ੍ਰਾਜੈਕਟ
-ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਰਫੇਸ ਵਾਟਰ ਪ੍ਰਾਜੈਕਟ ਤੋਂ ਆ ਰਹੀ ਹੈ, ਜੋ ਲਟਕ-ਲਟਕ ਕੇ ਚੱਲ ਰਿਹਾ ਹੈ। ਨਵੀਆਂ ਸੜਕਾਂ ਪੁੱਟੀਆਂ ਜਾ ਰਹੀਆਂ ਹਨ ਪਰ ਪੁਰਾਣੀਆਂ ਪੁੱਟੀਆਂ ਸੜਕਾਂ ਨੂੰ ਬਣਾਇਆ ਨਹੀਂ ਜਾ ਿਰਹਾ। ਕਪੂਰਥਲਾ ਚੌਕ, ਵਰਕਸ਼ਾਪ ਚੌਕ, 120 ਫੁੱਟੀ ਰੋਡ ਸਮੇਤ ਪੂਰੇ ਸ਼ਹਿਰ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਹੁਣ ਇਹ ਕੰਮ ਵੈਸਟ ਹਲਕੇ ਵਿਚ ਬਾਬਾ ਬੁੱਢਾ ਜੀ ਪੁਲੀ ਨੇੜੇ ਸ਼ੁਰੂ ਕਰ ਦਿੱਤਾ ਗਿਆ ਹੈ।
-ਸਮਾਰਟ ਰੋਡਜ਼ ਪ੍ਰਾਜੈਕਟ ਵੀ ਲੰਮੇ ਸਮੇਂ ਤੋਂ ਸ਼ਹਿਰ ਲਈ ਸਿਰਦਰਦੀ ਬਣਿਆ ਹੋਇਆ ਹੈ। ਕੁਝ ਸੜਕਾਂ ਬਣਾ ਕੇ ਬਾਕੀਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਲੋਕ 2 ਸਾਲਾਂ ਤੋਂ ਟੁੱਟੀਆਂ ਸੜਕਾਂ ’ਤੇ ਧੂੜ-ਮਿੱਟੀ ਫੱਕ ਰਹੇ ਹਨ ਅਤੇ ਨਿਗਮ ਤੇ ਸਰਕਾਰ ਨੂੰ ਲਗਾਤਾਰ ਨਿੰਦ ਰਹੇ ਹਨ। ਕੰਮ ਪੂਰਾ ਹੋਣ ਵਿਚ ਹੀ ਨਹੀਂ ਆ ਰਿਹਾ। 50 ਕਰੋੜ ਰੁਪਏ ਲਾ ਕੇ ਜਿਹੜੀਆਂ ਸੜਕਾਂ ਸਮਾਰਟ ਬਣਨੀਆਂ ਸਨ, ਉਨ੍ਹਾਂ ਦੀ ਹਾਲਤ ਪਹਿਲਾਂ ਤੋਂ ਵੀ ਜ਼ਿਆਦਾ ਬਦਤਰ ਹੋ ਚੁੱਕੀ ਹੈ।
-ਪੂਰੇ ਸ਼ਹਿਰ ਵਿਚ ਲਾਗੂ ਹੋਇਆ 60 ਕਰੋੜ ਰੁਪਏ ਦਾ ਐੱਲ. ਈ. ਡੀ. ਲਾਈਟ ਪ੍ਰਾਜੈਕਟ ਵੀ ਘਪਲਿਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਜਾਂਚ ਬਹੁਤ ਮੱਠੀ ਰਫਤਾਰ ਨਾਲ ਜਾਰੀ ਹੈ। ਸਮਾਰਟ ਸਿਟੀ ਅਤੇ ਕੰਪਨੀ ਵਿਚ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਕੰਪਨੀ ਬੰਦ ਪਈਆਂ ਲਾਈਟਾਂ ਸਬੰਧੀ ਸ਼ਿਕਾਇਤਾਂ ਦਾ ਹੱਲ ਨਹੀਂ ਕਰ ਪਾ ਰਹੀ। ਅੱਧਾ ਸ਼ਹਿਰ ਹਨੇਰੇ ਦੀ ਲਪੇਟ ਵਿਚ ਹੈ। ਲੋਕ ਸਾਫ ਕਹਿ ਰਹੇ ਹਨ ਕਿ ਇਸ ਤੋਂ ਵਧੀਆ ਤਾਂ ਪੁਰਾਣੀਆਂ ਸਟਰੀਟ ਲਾਈਟਾਂ ਹੀ ਸਨ, ਜਿਹੜੀਆਂ ਰੌਸ਼ਨੀ ਤਾਂ ਦੇ ਰਹੀਆਂ ਸਨ।
-ਮਿੱਠਾਪੁਰ ਹਾਕੀ ਸਟੇਡੀਅਮ ਨੂੰ ਸੁੰਦਰ ਬਣਾਉਣ ਦਾ ਪ੍ਰਾਜੈਕਟ ਲੰਮੇ ਸਮੇਂ ਤੋਂ ਪੂਰਾ ਹੋਣ ਵਿਚ ਹੀ ਨਹੀਂ ਆ ਰਿਹਾ। ਹਾਕੀ ਖਿਡਾਰੀ ਬਹੁਤ ਨਿਰਾਸ਼ ਹਨ ਅਤੇ ਅਧੂਰੇ ਕੰਮ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੋ ਰਹੀ ਹੈ।

-120 ਫੁੱਟੀ ਰੋਡ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਭਾਵੇਂ ਪੂਰਾ ਹੋ ਗਿਆ ਹੈ ਪਰ ਨਿਗਮ ਨੇ ਉਸਨੂੰ ਟੇਕਓਵਰ ਨਹੀਂ ਕੀਤਾ। ਕਮਿਸ਼ਨਰ ਦਾ ਕਹਿਣਾ ਹੈ ਕਿ ਅਜੇ ਉਥੇ ਮੌਕੇ ’ਤੇ ਕੁਝ ਕੰਮ ਬਾਕੀ ਹਨ। ਅਫਸਰ ਇਸ ਨੂੰ ਪੂਰਾ ਕਿਉਂ ਨਹੀਂ ਕਰਵਾ ਰਹੇ, ਸਮਝ ਤੋਂ ਪਰ੍ਹੇ ਹੈ। ਸਹੀ ਢੰਗ ਨਾਲ ਸਾਫ-ਸਫਾਈ ਨਾ ਹੋਣ ਕਾਰਨ ਇਹ ਪ੍ਰਾਜੈਕਟ ਵੀ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ।
-ਸਮਾਰਟ ਸਿਟੀ ਜਾਂ ਨਗਰ ਨਿਗਮ ਲਈ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਦਾ ਪ੍ਰਾਜੈਕਟ ਛੋਟਾ ਜਿਹਾ ਹੈ ਪਰ ਇਸ ’ਤੇ ਵੀ ਢੰਗ ਨਾਲ ਕੰਮ ਨਹੀਂ ਹੋ ਪਾ ਰਿਹਾ। ਕੋਈ ਅਧਿਕਾਰੀ ਇਸ ਪ੍ਰਾਜੈਕਟ ਵਿਚ ਦਿਲਚਸਪੀ ਹੀ ਨਹੀਂ ਲੈ ਰਿਹਾ। ਦੂਜਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਪਹਿਲਾ ਕੰਮ ਪੂਰਾ ਨਹੀਂ ਹੋਇਆ।
-ਕੰਟਰੋਲ ਐਂਡ ਕਮਾਂਡ ਸੈਂਟਰ ਦਾ ਕੰਮ ਵੀ ਅਜੇ ਚੱਲ ਰਿਹਾ ਹੈ। ਬਹੁਤ ਸਾਰੇ ਕੈਮਰੇ ਲਾ ਤਾਂ ਦਿੱਤੇ ਗਏ ਹਨ ਪਰ ਸ਼ੁਰੂ ਕਦੋਂ ਹੋਣਗੇ, ਕਿਸੇ ਨੂੰ ਪਤਾ ਨਹੀਂ। ਖੰਭੇ ਲਾਉਣ ਲਈ ਜਿਹੜੀਆਂ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਬਣਾਇਆ ਨਹੀਂ ਜਾ ਰਿਹਾ।
ਸਮਾਰਟ ਸਿਟੀ ਦੇ ਜਿਹੜੇ ਕੰਮ ਪੂਰੇ ਵੀ ਹੋ ਚੁੱਕੇ ਹਨ, ਉਨ੍ਹਾਂ ਦੀ ਮੇਨਟੀਨੈਂਸ ਨਹੀਂ ਹੋ ਰਹੀ। ਸਮਾਰਟ ਸਿਟੀ ਕੋਲ ਸਟਾਫ ਨਹੀਂ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਪਹਿਲਾਂ ਹੀ ਕੰਮ ਬਹੁਤ ਹੈ। ਉਨ੍ਹਾਂ ਦਾ ਸਮਾਰਟ ਸਿਟੀ ਵੱਲ ਕੋਈ ਧਿਆਨ ਨਹੀਂ ਕਿਉਂਕਿ ਠੇਕੇਦਾਰ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਹਨ।

ਇਹ ਵੀ ਪੜ੍ਹੋ- ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ 'ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 

shivani attri

This news is Content Editor shivani attri