ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲਾ ਪੁਲਸ ਵੱਲੋਂ ਸ਼ਹਿਰੀ ਇਲਾਕਿਆਂ ''ਚ ਪੈਦਲ ਗਸ਼ਤ ਸ਼ੁਰੂ

10/17/2017 3:39:58 PM


ਸ੍ਰੀ ਮੁਕਤਸਰ ਸਾਹਿਬ (ਪਵਨ) - ਮੌਜੂਦਾ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਤੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦਿਆਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਤੇ ਇਨ੍ਹਾਂ ਮੌਕਿਆਂ 'ਤੇ ਭੀੜ-ਭੜੱਕੇ ਵਾਲੇ ਸਥਾਨਾਂ 'ਤੇ ਨਜ਼ਰ ਰੱਖਣ ਲਈ ਜ਼ਿਲਾ ਪੁਲਸ ਵੱਲੋਂ ਅੱਜ ਰੈੱਡ ਕਰਾਸ ਭਵਨ ਤੋਂ ਵਿਸ਼ੇਸ਼ ਪੈਦਲ ਗਸ਼ਤ ਟੁਕੜੀਆਂ ਨੂੰ ਰਵਾਨਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਪੀ. ਆਰ. ਓ. ਜਗਸੀਰ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ੋਨ ਦੇ ਇੰਸਪੈਕਟਰ ਜਨਰਲ ਪੁਲਸ ਮਖਵਿੰਦਰ ਸਿੰਘ ਛੀਨਾ ਆਈ. ਪੀ. ਐੱਸ. ਵੱਲੋਂ ਤਿਆਰ ਕੀਤੀ ਗਈ ਰਣਨੀਤੀ ਅਨੁਸਾਰ ਜ਼ਿਲੇ ਦੇ ਸ਼ਹਿਰੀ ਖੇਤਰਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਪੈਦਲ ਗਸ਼ਤ ਸ਼ੁਰੂ ਕੀਤੇ ਜਾਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਤਹਿਤ ਜ਼ਿਲੇ ਦੇ ਸਮੁੱਚੇ ਸ਼ਹਿਰੀ ਖੇਤਰ ਨੂੰ ਵੱਖ-ਵੱਖ ਬੀਟਾਂ 'ਚ ਵੰਡਿਆ ਗਿਆ ਹੈ ਤੇ ਹਰੇਕ ਬੀਟ ਵਿਚ ਇਕ ਪੈਦਲ ਗਸ਼ਤੀ ਟੁਕੜੀ ਨੂੰ ਤਾਇਨਾਤ ਕੀਤਾ ਗਿਆ ਹੈ। ਹਰੇਕ ਗਸ਼ਤੀ ਟੁਕੜੀ ਦਾ ਇੰਚਾਰਜ ਇਕ ਐੱਨ. ਜੀ. ਓ. ਨੂੰ ਲਾਇਆ ਗਿਆ ਹੈ ਤੇ ਇਨ੍ਹਾਂ ਟੁਕੜੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਲੋੜੀਂਦਾ ਸਾਜੋ ਸਾਮਾਨ ਜਿਵੇਂ ਡੰਡੇ, ਲਾਠੀਆਂ, ਟਾਰਚਾਂ, ਵੀਡੀਓ ਕੈਮਰੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਲੋੜ ਪੈਣ 'ਤੇ ਹਰ ਤਰ੍ਹਾਂ ਦੇ ਮੁਸ਼ਕਿਲ ਹਾਲਾਤ ਨਾਲ ਨਜਿਠਿਆ ਜਾ ਸਕੇ। ਇਨ੍ਹਾਂ ਟੁਕੜੀਆਂ ਨੂੰ ਅੱਜ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਵੱਲੋਂ ਬਕਾਇਦਾ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਇਨ੍ਹਾਂ ਪੈਦਲ ਗਸ਼ਤੀ ਟੁਕੜੀਆਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਸ ਮੁਖੀ ਵੱਲੋਂ ਇਹ ਹਦਾਇਤ ਕੀਤੀ ਗਈ ਕਿ ਇਨ੍ਹਾਂ ਟੁਕੜੀਆਂ 'ਚ ਤਾਇਨਾਤ ਕੀਤੇ ਕਰਮਚਾਰੀ ਕਿਸੇ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਹੀਂ ਕਰਨਗੇ ਤੇ ਆਪਣਾ ਵਰਤਾਓ ਪਬਲਿਕ ਦੇ ਨਾਲ ਨਰਮ ਤੇ ਸ਼ਰਾਰਤੀ ਅਨਸਰਾਂ ਨਾਲ ਪੂਰਾ ਸਖਤ ਰੱਖਣਗੇ। 
ਅੱਜ ਦੇ ਪਹਿਲੇ ਪੜਾਅ ਵਿਚ ਸ਼ੁਰੂ ਕੀਤੀ ਗਈ ਪੈਦਲ ਗਸ਼ਤ ਰਾਹੀਂ ਪੁਲਸ ਟੁਕੜੀ ਵੱਲੋਂ ਗੋਨਿਆਣਾ ਰੋਡ, ਭਾਈ ਸ਼ੇਰ ਸਿੰਘ ਚੌਕ, ਗੋਨਿਆਣਾ ਚੌਕ, ਸੁਰਗਾਪੁਰੀ ਬਸਤੀ, ਗੁਰਦਿੱਤ ਬਸਤੀ, ਮੌੜ ਰੋਡ, ਸੁਭਾਸ਼ ਨਗਰ, ਮੁਕਤੀਸਰ ਗੈਸਟ ਹਾਊਸ, ਸੁੰਦਰ ਨਗਰ, ਕੋਟਲੀ ਰੋਡ, ਖਟੀਕ ਮੁਹੱਲਾ, ਗਊਸ਼ਾਲਾ ਵਾਲੀ ਗਲੀ, ਰੋੜਾਂਵਾਲੀ ਰੋਡ, ਬੂੜਾ ਗੁੱਜਰ ਰੋਡ, ਗਾਂਧੀ ਨਗਰ, ਗੋਲਡਨ ਬਸਤੀ, ਭਾਰਤ ਗੈਸ ਏਜੰਸੀ, ਕੱਚਾ ਉਦੇਕਰਨ ਰੋਡ, ਜੋਧੂ ਕਾਲੋਨੀ, ਭੁੱਲਰ ਕਾਲੋਨੀ, ਬੰਬ ਕਾਲੋਨੀ, ਕੱਚਾ ਥਾਂਦੇਵਾਲਾ ਰੋਡ, ਦਸਮੇਸ਼ ਨਗਰ, ਹਰਿਗੋਬਿੰਦ ਨਗਰ, ਬਾਵਾ ਕਾਲੋਨੀ, ਨਾਰੰਗ ਕਾਲੋਨੀ ਆਦਿ ਨੂੰ ਕਵਰ ਕੀਤਾ ਗਿਆ ਹੈ। 
ਇਸ ਮੌਕੇ ਜਸਪਾਲ ਕਪਤਾਨ ਪੁਲਸ (ਸ.) ਸ੍ਰੀ ਮੁਕਤਸਰ ਸਾਹਿਬ, ਗੁਰਜੀਤ ਸਿੰਘ ਉਪ ਕਪਤਾਨ ਪੁਲਸ (ਸ.) ਸ੍ਰੀ ਮੁਕਤਸਰ ਸਾਹਿਬ, ਗੁਰਤੇਜ ਸਿੰਘ ਉਪ ਕਪਤਾਨ ਪੁਲਸ (ਸ. ਡ.) ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।