''ਪਵਿੱਤਰ ਗੈਂਗ'' ਨੇ ਫੇਸਬੁਕ ''ਤੇ ਲਈ ਪੰਡੋਰੀ ਵੜੈਚ ਕਤਲ ਕਾਂਡ ਦੀ ਜ਼ਿੰਮੇਵਾਰੀ

11/21/2019 5:22:15 PM

ਅੰਮ੍ਰਿਤਸਰ : ਬਟਾਲਾ ਦੇ ਇਕ ਗੈਂਗ ਨੇ ਸੋਸ਼ਲ ਮੀਡੀਆ 'ਤੇ ਪਿੰਡ ਪੰਡੋਰੀ ਵੜੈਚ ਦੇ ਮਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। 'ਪਵਿੱਤਰ ਗੈਂਗ' ਧੜੇ ਨੇ ਮਜੀਠਾ ਦੇ ਪਿੰਡ ਜੀਜੇਆਣੀ ਵਿਚ ਇਕ ਨੌਜਵਾਨ ਤ੍ਰਿਪਤਪਾਲ ਸਿੰਘ ਨੂੰ 6 ਗੋਲੀਆਂ ਮਾਰਨ ਦਾ ਵੀ ਦਾਅਵਾ ਕੀਤਾ ਹੈ। ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਬਿਕਰਮਜੀਤ ਦੁੱਗਲ ਨੇ ਆਖਿਆ ਕਿ ਬਟਾਲਾ ਦੇ ਹਰਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮਨਦੀਪ ਸਿੰਘ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਕਤਲ ਅਣਖ ਖਾਤਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਤਸਵੀਰ ਵੀ ਅਪਲੋਡ ਕੀਤੀ ਗਈ ਹੈ, ਜਿਸ ਵਿਚ ਦੋ ਨੌਜਵਾਨ ਹਥਿਆਰਾਂ ਸਮੇਤ ਦਿਖਾਏ ਦੇ ਰਹੇ ਹਨ, ਉਹ ਦਾਅਵਾ ਕਰ ਰਹੇ ਹਨ ਕਿ ਉਹ ਬਟਾਲਾ ਦੇ 'ਪਵਿੱਤਰ ਗੈਂਗ' ਦੇ ਮੈਂਬਰ ਹਨ। ਗੈਂਗਸਟਰਾਂ ਨੇ ਦਾਅਵਾ ਕੀਤਾ ਕਿ ਕਤਲ ਕੀਤੇ ਨੌਜਵਾਨ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਸੀ, ਜਿਸ ਦੇ ਸਿੱਟੇ ਵਜੋਂ ਉਸ ਨੂੰ 25 ਗੋਲੀਆਂ ਮਾਰੀਆਂ ਹਨ। 

ਦਿਹਾਤੀ ਪੁਲਸ ਵੱਲੋਂ ਇਸ ਸਬੰਧ ਵਿਚ ਬਟਾਲਾ ਪੁਲਸ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਜੋ ਇਸ 'ਪਵਿੱਤਰ ਗੈਂਗ' ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਐੱਸ. ਐੱਸ. ਪੀ. ਨੇ ਆਖਿਆ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ। ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮਨਦੀਪ ਉਸ ਦਾ ਤਿੰਨ ਬੱਚਿਆਂ ਵਿਚੋਂ ਸਭ ਤੋਂ ਛੋਟਾ ਪੁੱਤਰ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਉਹ ਮਜ਼ਦੂਰੀ ਕਰਦਾ ਸੀ। ਬੀਤੀ ਸ਼ਾਮ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਈਆਂ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। 

ਦੂਜੇ ਪਾਸੇ ਪਵਿੱਤਰ ਗੈਂਗ ਵੱਲੋਂ ਸੋਸ਼ਲ ਮੀਡੀਆ 'ਤੇ ਮਨਦੀਪ ਨਾਲ ਪੁਰਾਣੀ ਦੁਸ਼ਮਣੀ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਗੈਂਗ ਵੱਲੋਂ ਮਜੀਠਾ ਦੇ ਪਿੰਡ ਜੀਜੇਆਣੀ ਦੇ ਤ੍ਰਿਪਤਪਾਲ ਸਿੰਘ ਨੂੰ ਵੀ ਬੀਤੀ ਸ਼ਾਮ ਗੋਲੀਆਂ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਗੈਂਗਸਟਰਾਂ ਨੇ ਦਾਅਵਾ ਕੀਤਾ ਕਿ ਇਸ ਨੌਜਵਾਨ ਨੇ ਉਸ ਦੇ ਭਰਾ ਨੂੰ ਚੁਣੌਤੀ ਦਿੱਤੀ ਸੀ, ਜਿਸ ਕਾਰਨ ਉਸ ਨੂੰ ਗੋਲੀਆਂ ਮਾਰੀਆਂ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਪੁਲਸ ਵੱਲੋਂ ਹੁਣ ਤਕ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਅਜੇ ਤਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਦੀ ਖਬਰ ਨਹੀਂ ਹੈ।

Gurminder Singh

This news is Content Editor Gurminder Singh