ਪਟਵਾਰ ਯੂਨੀਅਨ ਨੇ ਵਿਜੀਲੈਂਸਸ ਵਿਭਾਗ ਦੇ ਖਿਲਾਫ ਦਿੱਤਾ ਰੋਸ ਧਰਨਾ

05/30/2017 4:28:13 PM

ਜਲਾਲਾਬਾਦ/ਮੰਡੀ ਲਾਧੂਕਾ(ਸੇਤੀਆ/ਸੰਧੂ )  ਅੱਜ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਵਲੋਂ ਮਨਜੀਤ ਸਿੰਘ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਜੀਲੈਂਸ ਵਿਭਾਗ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਸਤੀ ਰਾਮ ਪਟਵਾਰੀ ਦੇ ਖਿਲਾਫ ਕਥਿਤ ਤੌਰ ਤੇ ਵਿਜੀਲੈਂਸ ਵਿਭਾਗ ਵਲੋਂ ਧੱਕੇ ਨਾਲ ਕੀਤਾ ਗਿਆ ਪਰਚਾ ਰੱਦ ਕੀਤਾ ਜਾਵੇ।
ਇਥੇ ਦੱਸਣਯੋਗ ਹੈ ਮਾਨਯੋਗ ਅਦਾਲਤ ਵਲੋਂ ਨੈਸ਼ਨਲ ਗ੍ਰੀਨ ਟਰਬਿਊਨਲ ਵਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ ਲਾਈ ਹੋਈ ਹੈ ਅਤੇ ਪੰਜਾਬ ਸਰਕਾਰ ਵਲੋਂ ਹੁਕਮਾਂ ਦੀ ਪਾਲਨਾ ਕਰਦੇ ਹੋਏ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਮਿਥੇ ਪੈਮਾਨੇ ਅਨੁਸਾਰ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਅੱਗ ਲਾਉਣ ਦੇ ਦੋਸ਼ ਵਿੱਚ ਗੁਰਧੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਕਾ ਕਾਲੇ ਵਾਲਾ ਦਾਖਲੀ ਚੱਕ ਸੁਹੇਲੇ ਵਾਲਾ ਨੂੰ ਤਹਿਸੀਲਦਾਰ ਜਲਾਲਾਬਾਦ ਵਲੋਂ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਥੇ ਰੰਜਿਸ਼ ਤੇ ਤਹਿਤ ਗੁਰਧੀਰ ਸਿੰਘ ਉਪਰੋਕਤ ਨੇ ਮਿਤੀ 25 ਮਈ 2017 ਨੂੰ ਬਸਤੀ ਪਟਵਾਰੀ ਦੀ ਜੇਬ ਵਿੱਚ ਧੱਕੇ ਨਾਲ ਰੁਪਏ ਪਾ ਕੇ ਵਿਜੀਲੈਂਸ ਵਿਭਾਗ ਤੋਂ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ। ਜਦਕਿ ਮੌਕੇ ਤੇ ਹਾਜ਼ਰ ਚਸ਼ਮਦੀਨ ਲੋਕਾਂ ਨੇ ਵਿਜੀਲੈਂਸ ਦੀ ਟੀਮ ਦਾ ਵਿਰੋਧ ਕੀਤਾ ਕਿ ਤੁਸੀਂ ਧੱਕੇ ਨਾਲ ਪਟਵਾਰੀ ਦੀ ਜੇਬ ਵਿੱਚ ਰੁਪਏ ਪਾ ਕੇ ਝੂਠਾ ਪਰਚਾ ਦਰਜ ਕਰ ਰਹੇ ਹੋ। ਇਸ ਦਰਮਿਆਨ ਬਸਤੀ ਰਾਮ ਪਟਵਾਰੀ ਨਾਲ ਹੱਥੋਪਾਈ ਹੋਣ ਕਾਰਣ ਉਸ ਦੀ ਜੇਬ ਫਟ ਗਈ ਤੇ ਸੱਟਾਂ ਲੱਗਣ ਕਾਰਣ ਚਿਹਰੇ ਅਤੇ ਕੂਹਣੀ ਤੋਂ ਖੂਨ ਵੀ ਨਿਕਲਿਆ। ਅੱਜ ਦੇ ਧਰਨੇ ਤੇ ਬੈਠੇ ਪਟਵਾਰੀਆਂ ਨੂੰ ਤਹਿਸੀਲ ਪ੍ਰਸ਼ਾਸਨ ਵਲੋਂ ਘਰ ਆ ਕੇ ਭਰੋਸਾ ਦਿੱਤਾ ਗਿਆ ਕਿ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਤੁਹਾਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਸੰਬੰਧੀ ਇੱਕ ਮੰਗ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਤਹਿਸੀਲਦਾਰ ਜਲਾਲਾਬਾਦ ਨੂੰ ਭੇਜਿਆ ਗਿਆ।
ਤਹਿਸੀਲ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਵਲੋਂ ਵਿਜੀਲੈਂਸ ਵਿਭਾਗ ਦੇ ਖਿਲਾਫ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ ਪਰੰਤੂ ਵਿਜੀਲੈਂਸ ਵਿਭਾਗ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਝੂਠਾ ਮੁਕੱਦਮਾ ਖਾਰਜ ਨਾ ਹੋਇਆ ਤਾਂ ਇਨਸਾਫ ਪ੍ਰਾਪਤ ਕਰਨ ਲਈ ਜਥੇਬੰਦੀ ਆਪਣਾ ਸੰਘਰਸ਼ ਸ਼ੁਰੂ ਕਰ ਦੇਵੇਗੀ। ਅੱਜ ਦੇ ਧਰਨੇ ਦੌਰਾਨ ਪ੍ਰੇਮ ਪ੍ਰਕਾਸ਼ ਪਟਵਾਰੀ ਪ੍ਰਧਾਨ, ਬਲਦੇਵ ਸਿੰਘ ਸੂਬਾ ਮੈਂਬਰ, ਵਰਿੰਦਰ ਕੁਮਾਰ ਜਨਰਲ ਸਕੱਤਰ, ਪਰਮਜੀਤ ਸਿੰਘ ਖਜਾਨਚੀ, ਭਗਤ ਸਿੰਘ, ਅਸ਼ਵਨੀ ਕੁਮਾਰ, ਕੇਵਲ ਕ੍ਰਿਸ਼ਨ, ਕੁਲਵੰਤ ਸਿੰਘ, ਗੁਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।