ਡਾਕਟਰਾਂ ''ਚ ਵਧ ਰਹੇ ਸਵਾਈਨ ਫਲੂ ਨੂੰ ਲੈ ਕੇ ਪੀ. ਜੀ. ਆਈ. ਅਲਰਟ

08/15/2017 7:21:48 AM

ਚੰਡੀਗੜ੍ਹ, (ਪਾਲ)- ਪੀ. ਜੀ. ਆਈ. 'ਚ ਸਵਾਈਨ ਫਲੂ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਵੀ ਐੱਚ-1 ਐੱਨ-1 ਵਾਇਰਸ ਦੀ ਚਪੇਟ 'ਚ ਆ ਰਹੇ ਹਨ। ਸਵਾਈਨ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਪੀ. ਜੀ. ਆਈ. ਪ੍ਰਸ਼ਾਸਨ ਨੇ ਸੋਮਵਾਰ ਨੂੰ ਇਕ ਮੀਟਿੰਗ ਕੀਤੀ। ਪੀ. ਜੀ. ਆਈ. ਡਾਇਰੈਕਟਰ ਦੀ ਅਗਵਾਈ 'ਚ ਹੋਈ ਇਸ ਮੀਟਿੰਗ 'ਚ ਹਸਪਤਾਲ ਦੇ ਸਾਰੇ ਸੀਨੀਅਰ ਡਾਕਟਰ ਸ਼ਾਮਲ ਹੋਏ। ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਦੇ ਹੈੱਡ ਪ੍ਰੋ. ਰਾਜੇਸ਼ ਅਨੁਸਾਰ ਕੁਝ ਡਾਕਟਰ ਜ਼ਰੂਰੀ ਹਦਾਇਤਾਂ ਨਹੀਂ ਵਰਤ ਰਹੇ, ਜਿਸ ਕਾਰਨ ਉਹ ਇਸ ਵਾਇਰਸ ਦੀ ਚਪੇਟ 'ਚ ਆ ਰਹੇ ਹਨ। ਕੁਝ ਡਾਕਟਰਾਂ ਨੇ ਵੈਕਸੀਨੇਸ਼ਨ ਹੀ ਨਹੀਂ ਕਰਵਾਇਆ ਹੈ। ਵੈਕਸੀਨੇਸ਼ਨ ਕਰਵਾਉਣ 'ਤੇ ਡਾਕਟਰਾਂ 'ਚ ਸਵਾਈਨ ਫਲੂ ਹੋਣ ਦੀ ਸੰਭਾਵਨਾ 70 ਫੀਸਦੀ ਤਕ ਘੱਟ ਹੋ ਜਾਂਦੀ ਹੈ, ਉਥੇ ਬੈਠਕ 'ਚ ਬੀਮਾਰੀ ਤੋਂ ਹੋਰ ਲੋਕਾਂ ਨੂੰ ਬਚਾਉਣ ਲਈ ਵੀ ਰਣਨੀਤੀ ਬਣਾਈ ਗਈ ਹੈ। ਪੀ. ਜੀ. ਆਈ. 'ਚ ਹੁਣ ਤਕ 7 ਡਾਕਟਰ ਸਵਾਈਨ ਫਲੂ ਦੀ ਲਪੇਟ ਵਿਚ ਆ ਚੁੱਕੇ ਹਨ। ਡਾਕਟਰਾਂ ਤੋਂ ਇਲਾਵਾ ਨਰਸ ਤੇ ਲੈਬ ਟੈਕਨੀਸ਼ਨ 'ਚ ਵੀ ਐੱਚ-1 ਐੱਨ-1 ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ।
ਸਵਾਈਨ ਫਲੂ ਮਰੀਜ਼ਾਂ ਲਈ ਵੱਖ ਰੂਟ
ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਅਨੁਸਾਰ ਪੀ. ਜੀ. ਆਈ. 'ਚ ਆਉਣ ਵਾਲੇ ਸਵਾਈਨ ਫਲੂ ਮਰੀਜ਼ਾਂ ਨੂੰ ਦੂਜੇ ਮਰੀਜ਼ਾਂ ਤੋਂ ਵੱਖ ਰੱਖਣ ਲਈ ਵੱਖਰਾ ਰੂਟ ਬਣਾਇਆ ਗਿਆ ਹੈ। ਕਿਸੇ ਮਰੀਜ਼ 'ਚ ਸਵਾਈਨ ਫਲੂ ਦੇ ਥੋੜ੍ਹੇ ਜਿਹੇ ਵੀ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਅਣਡਿੱਠ ਨਾ ਕਰਕੇ ਉਸ ਮਰੀਜ਼ ਨੂੰ ਟਰੌਮਾ ਸੈਂਟਰ 'ਚ ਬਣਾਏ ਗਏ ਮੈਡੀਕਲ ਐਮਰਜੈਂਸੀ ਹਾਲ 'ਚ ਸ਼ਿਫਟ ਕੀਤਾ ਜਾਵੇਗਾ। ਉਥੇ ਜੇ ਮਰੀਜ਼ 'ਚ ਸਵਾਈਨ ਫਲੂ ਦੀ ਪੁਸ਼ਟੀ ਹੁੰਦੀ ਹੈ ਤਾਂ ਉਸਨੂੰ ਵੱਖ ਤੋਂ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਭੇਜ ਕੇ ਦਾਖਿਲ ਕੀਤਾ ਜਾਵੇਗਾ। 
ਡਾਕਟਰਾਂ ਅਨੁਸਾਰ ਟਰੌਮਾ ਸੈਂਟਰ 'ਚ ਕਾਫੀ ਥਾਂ ਹੈ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਮਰੀਜ਼ਾਂ ਲਈ ਮੈਡੀਕਲ ਐਮਰਜੈਂਸੀ ਹਾਲ 'ਚ ਬਦਲਿਆ ਗਿਆ ਹੈ। ਪ੍ਰੋ. ਰਾਜੇਸ਼ ਠਾਕੁਰ ਅਨੁਸਾਰ ਹਸਪਤਾਲ 'ਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਸਾਰੇ ਇੰਤਜ਼ਾਮ ਕੀਤੇ ਹਨ। ਡਾਕਟਰ ਹੋਵੇ ਜਾਂ ਮਰੀਜ਼, ਹਰ ਕਿਸੇ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਪੀ. ਜੀ. ਆਈ. ਅਲਰਟ ਹੈ।
ਪੀ. ਜੀ. ਆਈ. ਸਵਾਈਨ ਫਲੂ ਵਾਰਡ 'ਚ ਵੀ ਵੱਖਰਾ ਵਾਰਡ
ਸਵਾਈਨ ਫਲੂ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਪੀ. ਜੀ. ਆਈ. ਨਹਿਰੂ ਹਸਪਤਾਲ ਦੇ ਸੀ. ਡੀ. ਵਾਰਡ 'ਚ ਮਰੀਜ਼ਾਂ ਲਈ ਵਾਰਡ 'ਚ ਵੱਖ ਤੋਂ ਇਕ ਹੋਰ ਵਾਰਡ ਦਾ ਨਿਰਮਾਣ ਕੀਤਾ ਹੈ। ਸੀ. ਡੀ. ਵਾਰਡ 'ਚ ਲਗਭਗ 13 ਦੇ ਲਗਭਗ ਬੈੱਡਾਂ ਦੀ ਵਿਵਸਥਾ ਹੈ। ਇਸਦੇ ਨਾਲ ਹੀ 5 ਬੈੱਡ ਹੋਰ ਵਧਾਏ ਗਏ ਹਨ। ਇਸ ਤੋਂ ਪਹਿਲਾਂ ਐਡਵਾਂਸ ਪੈਡੀਐਟਟ੍ਰਿਕ ਵਿਭਾਗ 'ਚ ਬੱਚਿਆਂ ਲਈ ਵੀ ਵੱਖ ਤੋਂ ਸੀ. ਡੀ. ਵਾਰਡ ਬਣਾਇਆ ਗਿਆ ਹੈ।