ਹੜਤਾਲ ਕਾਰਨ ਮਰੀਜ਼ ਹੋਏ ਪ੍ਰੇਸ਼ਾਨ

07/19/2018 7:33:15 AM

ਗਿੱਦਡ਼ਬਾਹਾ (ਕੁਲਭੂਸ਼ਨ) - ਬੀਤੇ ਦਿਨ ਸਿਵਲ ਹਸਪਤਾਲ ਮਲੋਟ ਵਿਖੇ ਇਕ ਲਾਸ਼ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਐਮਰਜੈਂਸੀ ਡਿਊਟੀ ਡਾਕਟਰ ਅੰਮ੍ਰਿਤਪਾਲ ਸਿੰਘ ਨਾਲ ਇਕ ਸਿਆਸੀ ਆਗੂ ਗੁਰਮੀਤ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਵੱਲੋਂ ਕੀਤੀ ਗਈ ਬਦਸਲੂਕੀ ਤੋਂ ਬਾਅਦ ਉਕਤਾਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਲੈ ਕੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਸਮੇਤ ਸਮੂਹ ਸਟਾਫ ਵੱਲੋਂ ਇਕ ਦਿਨਾਂ ਹਡ਼ਤਾਲ ਕੀਤੀ ਗਈ। ਡਾਕਟਰਾਂ ਦੀ ਸਟਾਫ ਦੀ ਹਡ਼ਤਾਲ ਦੇ ਚਲਦਿਆਂ ਹਸਪਤਾਲ ਪੁੱਜੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਉੱਧਰ. ਹਡ਼ਤਾਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਗੁਰਪ੍ਰੀਤ ਚੀਮਾ ਅਤੇ ਡਾ. ਮੋਨਿਕਾ ਜੈਨ ਨੇ ਦੱਸਿਆ ਕਿ ਉਕਤ ਡਾ. ਅੰਮ੍ਰਿਤਪਾਲ ਸਿੰਘ ਨਾਲ ਡਿਊਟੀ ਦੌਰਾਨ ਕੀਤੀ ਗਈ ਬਦਸਲੂਕੀ ਦਾ ਮਾਮਲਾ ਡੀ. ਜੀ. ਪੀ. ਪੰਜਾਬ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਇਸ ਮਾਮਲੇ ਦੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ  ਉਕਤ ਮਾਮਲੇ ਦੇ ਕਥਿਤ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਤੁਰੰਤ ਡਿਊਟੀ ਤੋਂ ਸਸਪੈਂਡ ਕੀਤਾ ਜਾਵੇ।
ਇਸੇ ਦੌਰਾਨ ਐੱਸ. ਐੱਮ. ਓ. ਡਾ. ਪ੍ਰਦੀਪ ਸਚਦੇਵਾ ਨੂੰ ਸੂਚਨਾ ਪ੍ਰਾਪਤ ਹੋਈ ਪੁਲਸ ਵਿਭਾਗ ਵੱਲੋਂ ਡਾ. ਅੰਮ੍ਰਿਤਪਾਲ ਸਿੰਘ ਨਾਲ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿਚ ਬਦਸਲੂਕੀ ਕਰਨ ਵਾਲੇ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹਸਪਤਾਲ ਦੇ ਸਮੂਹ ਸਟਾਫ ਵੱਲੋਂ ਹਡ਼ਤਾਲ ਖਤਮ ਕਰ ਕੇ ਕੰਮਕਾਜ ਸ਼ੁਰੂ ਕਰ ਦਿੱਤਾ।