ਪਟਿਆਲਾ ’ਚ ਸੰਘਰਸ਼ ਦਾ ਬਿਗੁਲ ਵਜਾਉਣ ਵਾਲੇ ਅਧਿਅਪਕਾਂ ’ਤੇ ਡਿੱਗੀ ਗਾਜ, 5 ਸਸਪੈਂਡ

10/09/2018 8:20:31 AM

ਲੁਧਿਆਣਾ, (ਵਿੱਕੀ)- ਆਪਣੀਆਂ ਤਨਖਾਹਾਂ 65 ਫੀਸਦੀ ਤੱਕ ਘੱਟ ਕੀਤੇ ਜਾਣ ਦੇ  ਵਿਰੋਧ 'ਚ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਚ ਮਰਨ ਵਰਤ 'ਤੇ ਬੈਠੇ   ਅਧਿਆਪਕਾਂ 'ਤੇ ਸਿੱਖਿਆ ਵਿਭਾਗ ਨੇ ਸ਼ਿਕੰਜਾ ਸਕਣਾ ਸ਼ੁਰੂ ਕਰ ਦਿੱਤਾ ਹੈ। ਇਸ  ਲਡ਼ੀ 'ਚ ਸਕੂਲ ਸਿੱਖਿਆ ਵਿਭਾਗ ਦੇ ਡੀ. ਪੀ. ਆਈ. ਨੇ ਐੱਸ. ਐੱਸ. ਏ./ਰਮਸਾ ਦੇ 5  ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਆਦੇਸ਼ ਦੇਰ ਸ਼ਾਮ ਜਾਰੀ ਕੀਤੇ ਹਨ।


ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਸਪੈਂਡ ਕੀਤੇ ਗਏ ਅਧਿਆਪਕਾਂ ਦੇ ਸਸਪੈਂਸ਼ਨ ਆਰਡਰਾਂ 'ਚ  ਮੁਅਤਲੀ ਦਾ ਕਾਰਨ ਤੱਕ ਨਹੀਂ ਲਿਖਿਆ ਗਿਆ। ਇਹੀ ਨਹੀਂ 5 ਅਧਿਆਪਕਾਂ ਨੂੰ ਸਸਪੈਂਡ ਕਰ ਕੇ  ਉਨ੍ਹਾਂ ਦਾ ਹੈੱਡ ਕੁਆਰਟਰ ਵੀ ਜ਼ਿਲੇ ਤੋਂ ਬਾਹਰ ਬਣਾਇਆ ਹੈ ਤਾਂ ਕਿ ਉਹ ਪਟਿਆਲਾ 'ਚ ਚੱਲ  ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਦੂਰ ਰਹਿਣ। ਸਸਪੈਂਡ ਕੀਤੇ ਗਏ ਅਧਿਆਪਕਾਂ 'ਚੋਂ 2 ਨੂੰ  ਫਾਜ਼ਿਲਕਾ, 2 ਨੂੰ ਤਰਨਤਾਰਨ ਅਤੇ 1 ਨੂੰ ਪਠਾਨਕੋਟ ਹੈੱਡ ਆਫਿਸ 'ਚ ਹਾਜ਼ਰੀ ਦੇਣ ਲਈ ਕਿਹਾ  ਹੈ। ਇਹ ਅਧਿਆਪਕਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਜਦ ਕਿਸੇ ਸੰਘਰਸ਼ ਦੌਰਾਨ  24 ਘੰਟਿਆਂ ਦੇ ਅੰਦਰ ਹੀ ਅਧਿਆਪਕਾਂ ਨੂੰ ਸਸਪੈਂਸ਼ਨ ਆਰਡਰ ਫੜਾ ਦਿੱਤੇ ਗਏ।


ਐੱਸ. ਐੱਸ. ਏ. ਰਮਸਾ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਕਿਹਾ ਕਿ ਸਰਕਾਰ  ਅਧਿਆਪਕਾਂ ਦੇ 24 ਘੰਟੇ ਦੇ ਸੰਘਰਸ਼ ਨਾਲ ਹੀ ਬੌਖਲਾ ਗਈ ਹੈ ਪਰ ਅਧਿਆਪਕ ਸਰਕਾਰ ਦੀ ਇਸ  ਤਰ੍ਹਾਂ ਦੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਆਪਣਾ ਸੰਘਰਸ਼ ਨਿਰੰਤਰ ਜਾਰੀ  ਰੱਖਣਗੇ। ਉਨ੍ਹਾਂ ਕਿਹਾ ਕਿ ਹੁਣ ਤਾਂ ਸਿਰਫ 5 ਅਧਿਆਪਕ ਸਸਪੈਂਡ ਹੋਏ ਹਨ 8881 ਅਧਿਆਪਕ  ਬਾਕੀ ਹਨ।


ਇਨ੍ਹਾਂ ’ਤੇ ਡਿੱਗੀ ਵਿਭਾਗੀ ਗਾਜ - 

  • ਹਰਵਿੰਦਰ ਸਿੰਘ ਰੱਖਡ਼ਾ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਖੇਡ਼ੀ ਜੱਟਾਂ ਪਟਿਆਲਾ
  • ਹਰਜੀਤ ਸਿੰਘ ਅੰਗ੍ਰੇਜ਼ੀ ਮਾਸਟਰ ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ ਬਠਿੰਡਾ
  • ਹਰਦੀਪ ਸਿੰਘ ਢੋਡਰਪੁਰ ਪੰਜਾਬੀ ਮਾਸਟਰ ਸਰਕਾਰੀ ਸੀਨੀ. ਸੈਕੰ. ਸਕੂਲ ਕਕਰਾਲਾ ਪਟਿਆਲਾ
  • ਭਰਤ ਕੁਮਾਰ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਮਿਡਲ ਸਕੂਲ ਕਛਵਾ ਪਟਿਆਲਾ
  • ਦੀਦਾਰ ਸਿੰਘ ਮੁੱਦਕੀ ਸਾਇੰਸ ਮਾਸਟਰ ਸਰਕਾਰੀ ਸੀਨੀ. ਸੈਕੰ. ਸਕੂਲ ਮੁੱਦਕੀ ਫਿਰੋਜ਼ਪੁਰ