ਅਧਿਆਪਕਾਂ ਨੇ ਮਰਨ-ਵਰਤ ਕੀਤਾ ਖਤਮ, 2 ਅਧਿਆਪਕਾਂ ਦੀ ਵਿਗੜੀ ਸਿਹਤ

10/25/2018 6:25:23 PM

ਪਟਿਆਲਾ (ਜੋਸਨ, ਬਲਜਿੰਦਰ)—ਠੇਕਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਤਨਖਾਹਾਂ ਵਿਚ ਕੀਤੀ 75 ਫੀਸਦੀ ਕਟੌਤੀ ਵਾਪਸ ਲੈਣ ਦੇ ਸਰਕਾਰ ਵੱੱਲੋਂ ਦਿੱਤੇ ਭਰੋਸੇ ਤੋਂ ਬਾਅਦ ਅੱਜ ਪਟਿਆਲਾ ਵਿਖੇ ਸਾਰੇ 16 ਅਧਿਆਪਕਾਂ ਦਾ ਮਰਨ ਵਰਤ ਖਤਮ ਕਰਵਾ ਦਿੱਤਾ ਗਿਆ, ਨਾਲ ਹੀ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ 5 ਨਵੰਬਰ ਨੂੰ ਮੁੱਖ ਮੰਤਰੀ ਨੇ ਉਨਾਂ ਨੂੰ ਲਿਖਤੀ ਆਰਡਰ ਨਾ ਦਿੱਤੇ ਤਾਂ ਇਹ ਸੰਘਰਸ਼ ਪਿੰਡਾਂ ਤੇ ਸ਼ਹਿਰਾਂ ਦੀ ਗਲੀ-ਗਲੀ ਵਿਚ ਪਹੁੰਚਾ ਦਿੱਤਾ ਜਾਵੇਗਾ।

ਤਨਖਾਹ ਕਟੌਤੀ ਦੇ ਫੈਸਲੇ ਖ਼ਿਲਾਫ਼ 7 ਅਕਤੂਬਰ ਤੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਝੰਡੇ ਹੇਠ ਸ਼ੁਰੂ ਹੋਇਆ ਐੱਸ. ਐੱਸ. ਏ./ਰਮਸਾ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ-ਅਧਿਆਪਕਾਵਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਹਰ ਰੋਜ਼ ਸਰਕਾਰ ਦੀਆਂ ਅਰਥੀਆਂ ਨੂੰ ਲਾਂਬੂ ਲਾਉਣ ਵਾਲੇ ਅਧਿਆਪਕ-ਅਧਿਆਪਕਾਵਾਂ ਦੀ ਗਿਣਤੀ ਵਧਣ ਦੇ ਨਾਲ ਹੋਰ ਮੁਲਾਜ਼ਮ, ਵਿਦਿਆਰਥੀ, ਕਿਸਾਨ, ਮਜ਼ਦੂਰ ਸਭ ਇਸ ਸੰਘਰਸ਼ ਦੀ ਪਿੱਠ 'ਤੇ ਲਗਾਤਾਰ ਡਟੇ ਆ ਰਹੇ ਹਨ। ਇਸ ਸਮੇਂ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਦੀਦਾਰ ਸਿੰਘ ਮੁੱਦਕੀ ਅਤੇ ਡਾ. ਅੰਮ੍ਰਿਤਪਾਲ ਸਿੰਘ ਸਿੱਧੂ ਵੱਲੋਂ ਤਨਖਾਹ ਕਟੌਤੀ ਦੇ ਸਰਕਾਰੀ ਫੈਸਲੇ ਨੂੰ ਰੱਦ ਕਰਵਾ ਕੇ ਠੇਕਾ ਅਧਿਆਪਕ-ਕਰਮਚਾਰੀਆਂ ਦੀਆਂ ਸਭਨਾਂ ਕੈਟਾਗਰੀਆਂ ਨੂੰ ਪੂਰੇ ਗਰੇਡ ਵਿਚ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ, ਦੱਬੇ ਮਹਿੰਗਾਈ ਭੱਤੇ ਦੇ ਪੈਸੇ ਸਮੇਤ ਵਿਆਜ ਜਾਰੀ ਕਰਵਾਉਣ, ਤਨਖ਼ਾਹ ਕਮਿਸ਼ਨ ਬਣਵਾਉਣ, ਗ਼ੈਰ-ਵਿੱਦਿਅਕ ਅਤੇ ਗੈਰ-ਅਧਿਆਪਨ ਕੰਮਾਂ ਦੀ ਥਾਂ ਸਿਰਫ਼ ਅਧਿਆਪਨ ਦਾ ਹੀ ਕੰਮ ਕਰਨ ਤੇ ਨਵੀਂ ਰੈਗੂਲਰ ਭਰਤੀ ਕਰਵਾਉਣ ਸਮੇਤ ਸਾਂਝਾ ਅਧਿਆਪਕ ਮੋਰਚੇ ਦੇ ਮੰਗ-ਪੱਤਰ ਵਿਚ ਦਰਜ ਸਮੂਹ ਮੰਗਾਂ ਨੂੰ ਹੱਲ ਕਰਵਾਉਣ ਲਈ ਸਰਕਾਰ ਖਿਲਾਫ ਇਕ ਵੱਡੀ ਲੋਕ-ਲਹਿਰ ਖੜ੍ਹੀ ਕਰਨ ਦਾ ਐਲਾਨ ਕੀਤਾ ਗਿਆ।

ਜਥੇਬੰਦੀ ਵੱਲੋਂ ਆਉਣ ਵਾਲੀ 28 ਅਕਤੂਬਰ ਨੂੰ ਪੰਜਾਬ ਭਰ ਦੀ ਲੀਡਰਸ਼ਿਪ ਦੀ ਕਨਵੈਨਸ਼ਨ ਸੱਦੀ ਗਈ ਹੈ। 4 ਨਵੰਬਰ ਨੂੰ ਪੰਜਾਬ ਦੇ ਜ਼ਿਲਾ ਸਦਰ ਮੁਕਾਮਾਂ ਉੱਤੇ ਆਪਣੀ ਮੰਗ ਉਭਾਰਨ ਵਾਸਤੇ ਅਤੇ ਸਰਕਾਰ ਤੋਂ ਤਨਖਾਹ ਕਟੌਤੀ ਦਾ ਫੈਸਲਾ ਰੱਦ ਕਰਵਾਉਣ ਲਈ ਵੱਡੀਆਂ ਇਕੱਤਰਤਾਵਾਂ ਕੀਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਭਰ ਦੇ ਅਧਿਆਪਕਾਂ ਨੂੰ ਇਨ੍ਹਾਂ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।੍ਰ ਇਸ ਸਮੇਂ ਜੋਗਿੰਦਰ ਆਜ਼ਾਦ ਤੇ ਗੁਰਮੁਖ ਸਿੰਘ ਤੋਂ ਇਲਾਵਾ ਰਾਜਵੀਰ ਸਿੰਘ ਸਮਰਾਲਾ, ਤਲਵਿੰਦਰ ਸਿੰਘ ਖਰੌੜ, ਅਮਨਦੀਪ ਸਿੰਘ ਦੱੱਧਾਹੂਰ, ਅਮਰਿੰਦਰ ਸਿੰਘ ਕੰਗ, ਦਰਸ਼ਨ ਸਿੰਘ ਮੋਹਾਲੀ, ਸੁਖਵਿੰਦਰ ਸਿੰਘ ਰੋਪੜ, ਅਸ਼ੋਕ ਸਿੰਘ ਖਾਲਸਾ, ਗਗਨਦੀਪ ਸੰਗਰੂਰ, ਗਗਨਦੀਪ ਪਾਹਵਾ, ਉਂਕਾਰ ਸਿੰਘ, ਰੂਪ ਕਿਸ਼ੋਰ ਖੱਤਰੀ, ਅਸ਼ੋਕ ਖਾਲਸਾ, ਨਰਿੰਦਰ ਸਿੰਘ, ਅਪਰਅਪਾਰ ਸਿੰਘ, ਮਨਜੀਤ ਸਿੰਘ ਤੇ ਮੁਕੇਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ।

ਮਰਨ ਵਰਤ ਖਤਮ ਕਰਨ ਤੋਂ ਪਹਿਲਾਂ ਦੋ ਅਧਿਆਪਕਾਂ ਦੀ ਤਬੀਅਤ ਵਿਗੜੀ
ਮਰਨ ਵਰਤ ਖਤਮ ਕਰਨ ਤੋਂ ਪਹਿਲਾਂ ਅਧਿਆਪਕਾਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਮੌਕੇ 'ਤੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਹੜੇ ਅਧਿਆਪਕਾਂ ਦੀ ਤਬੀਅਤ ਵਿਗੜੀ  ਉਨ੍ਹਾਂ ਵਿਚ ਮੈਡਮ ਰਜਿੰਦਰ ਕੌਰ ਅਤੇ ਰਮੇਸ਼ ਮੱਕੜ ਸਾਮਲ ਹਨ। ਦੋਹਾਂ ਦਾ ਇਲਾਜ  ਚੱਲ ਰਿਹਾ ਹੈ।