ਕੈਪਟਨ ਨੇ 365 ਦਿਨ ਕੰਮ ਨਾ ਕੀਤਾ ਤਾਂ ਪੰਜਾਬ ''ਚ ਕਾਂਗਰਸ ਦੀ ਬੇੜੀ ਡੁੱਬ ਜਾਵੇਗੀ : ਬਾਜਵਾ

02/21/2020 9:24:44 AM

ਪਟਿਆਲਾ (ਰਾਜੇਸ਼ ਪੰਜੋਲਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਐੱਮ. ਪੀ. ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਆਪਣੀ ਪਾਰਟੀ ਦੀ ਹੀ ਸੂਬਾ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ 365 ਦਿਨ ਕੰਮ ਨਾ ਕੀਤਾ ਤਾਂ ਪੰਜਾਬ ਵਿਚ ਕਾਂਗਰਸ ਦੀ ਬੇੜੀ ਡੁੱਬ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੇਹੱਦ ਤਰਸਯੋਗ ਹਨ। ਜੇਕਰ ਮੁੱਖ ਮੰਤਰੀ ਨੇ 24 ਘੰਟੇ ਲੋਕਾਂ ਦੇ ਕੰਮ ਨਾ ਕੀਤੇ ਤਾਂ ਪੰਜਾਬ ਅਤੇ ਕਾਂਗਰਸ ਪਾਰਟੀ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਜਿਸ ਤਰ੍ਹਾਂ ਦੀ ਰਹੀ ਹੈ, ਉਸ ਬਾਰੇ ਸਭ ਨੂੰ ਪਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਨੂੰ ਬਚਾਉਣ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਰਗਰਮ ਹੋਣ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਪੈਟਰਨ 'ਤੇ ਲੋਕ ਭਲਾਈ ਦੇ ਕੰਮ ਕਰਨ। ਇਥੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਫੇਲ ਹੋ ਰਹੇ ਹੈਲਥ ਅਤੇ ਐਜੂਕੇਸ਼ਨ ਸਿਸਟਮ ਸਬੰਧੀ ਕਿਹਾ ਕਿ ਦਿੱਲੀ ਵਿਚ ਵਧੀਆ ਅਤੇ ਮੁਫਤ ਸਕੂਲ ਲੋਕਾਂ ਨੂੰ ਮਿਲੇ ਹਨ। ਮੁਹੱਲਾ ਕਲੀਨਿਕ ਖੁੱਲ੍ਹੇ ਹਨ। ਪੰਜਾਬ ਵਿਚ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਪੰਜਾਬ ਦੇ ਗਰੀਬਾਂ, ਛੋਟੇ ਕਿਸਾਨਾਂ ਅਤੇ ਛੋਟੇ ਉਦਯੋਗਪਤੀਆਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ।

ਉਨ੍ਹਾਂ ਬਾਦਲ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਕੈ. ਅਮਰਿੰਦਰ ਸਿੰਘ ਇਨ੍ਹਾਂ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਲਿਆਉਣ ਦੀ ਗੱਲ ਕਰ ਰਹੇ ਹਨ। ਸਿਰਫ ਵ੍ਹਾਈਟ ਪੇਪਰ ਲਿਆਉਣ ਨਾਲ ਕੰਮ ਨਹੀਂ ਚੱਲੇਗਾ। ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰ ਕੇ ਪੰਜਾਬ ਨੂੰ ਰਾਹਤ ਦਿੱਤੀ ਜਾਵੇ। ਪੰਜਾਬ ਵਿਚ ਘਰੇਲੂ ਬਿਜਲੀ ਬੇਹੱਦ ਮਹਿੰਗੀ ਹੈ। ਲੋਕਾਂ ਨੂੰ ਬਿਜਲੀ ਦੇ ਬਿੱਲ ਭਰਨੇ ਮੁਸ਼ਕਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਨੰਬਰ ਇਕ ਸੂਬਾ ਹੈ। ਇਥੋਂ ਦੀ ਸਮੁੱਚੀ ਜ਼ਮੀਨ ਉਪਜਾਊ ਹੈ। ਇਸ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਆਪਣੇ ਸੂਬੇ ਨੂੰ ਛੱਡ ਕੇ ਬਾਹਰ ਜਾ ਰਹੇ ਹਨ। ਪੰਜਾਬ ਦਾ 27 ਹਜ਼ਾਰ ਕਰੋੜ ਰੁਪਿਆ ਪਿਛਲੇ ਸਾਲ ਵਿਦੇਸ਼ ਚਲਾ ਗਿਆ ਹੈ। ਲੋਕ ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਇਥੋਂ ਭੱਜ ਰਹੇ ਹਨ। ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿਚ ਹੀ ਪੰਜਾਬੀ ਘੱਟ-ਗਿਣਤੀ ਵਿਚ ਰਹਿ ਜਾਣਗੇ। ਪੰਜਾਬ ਲਈ ਇਹ ਸਮਾਂ ਚਿੰਤਾ ਵਾਲਾ ਹੈ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ।

ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਵਿਚ ਉਨ੍ਹਾਂ ਕਿਹਾ ਕਿ ਸਿੱਧੂ ਇਕ ਵੱਡੀ ਸ਼ਖਸੀਅਤ ਹਨ। ਉਨ੍ਹਾਂ ਦਾ ਆਪਣਾ ਵਜੂਦ ਹੈ। ਸਿੱਧੂ ਨੂੰ ਚੁੱਪ ਕਰ ਕੇ ਨਹੀਂ ਬੈਠਣਾ ਚਾਹੀਦਾ। ਲੋਕਾਂ ਵਿਚ ਜਾ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ।

cherry

This news is Content Editor cherry