ਪਟਿਆਲਾ ਵਾਸੀਆਂ ਨੇ ਪ੍ਰਨੀਤ ਕੌਰ ਨੂੰ ਬਣਾਇਆ 'ਰਾਣੀ', ਦਿਵਾਈ ਵੱਡੀ ਜਿੱਤ

05/23/2019 5:30:21 PM

ਪਟਿਆਲਾ (ਬਲਜਿੰਦਰ, ਰਾਣਾ,ਰਾਜੇਸ਼, ਜੋਸਨ)—ਲੋਕ ਸਭਾ ਚੋਣਾ ਦੇ ਆਏ ਨਤੀਜਿਆਂ ਵਿਚ ਪਟਿਆਲਵੀਆਂ ਨੇ ਪ੍ਰਨੀਤ ਕੌਰ ਨੂੰ ਚੁਣ ਕੇ ਮੁੜ 'ਮਹਾਰਾਣੀ' ਬਣਾ ਦਿੱਤਾ ਹੈ। ਦੇਰ ਸ਼ਾਮ ਐਲਾਨੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 1 ਲੱਖ 62 ਹਜ਼ਾਰ 718 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪੂਰੇ ਜ਼ਿਲੇ ਵਿਚ ਅਕਾਲੀ-ਭਾਜਪਾ ਗਠਜੋੜ, ਆਮ ਆਦਮੀ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਕਾਂਗਰਸ ਨੂੰ ਮੁੱਖ ਮੰਤਰੀ ਦੇ ਜ਼ਿਲੇ ਵਿਚ ਪੈਂਦੇ ਸਮੁੱਚੇ 8 ਵਿਧਾਨ ਸਭਾ ਖੇਤਰਾਂ 'ਚੋਂ ਵੱਡੀ ਲੀਡ ਹਾਸਲ ਹੋਈ। ਨਤੀਜਿਆਂ ਵਿਚ ਬੰਪਰ ਜਿੱਤ ਨਾਲ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ, ਸਮੁੱਚੇ ਆਗੂ ਅਤੇ ਵਰਕਰ ਬਾਗੋਬਾਗ ਨਜ਼ਰ ਆਏ। ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੂੰ ਸਵੇਰ ਤੋਂ ਪਹਿਲੇ ਰਾਊਂਡ ਤੋਂ ਲੀਡ ਮਿਲਣੀ ਸ਼ੁਰੂ ਹੋਈ। ਪੂਰੇ ਨਤੀਜਿਆਂ ਵਿਚ ਇਕ ਵਾਰ ਵੀ ਇਹ ਲੀਡ ਨਹੀਂ ਟੁੱਟੀ। ਸ਼ਾਮ ਹੁੰਦਿਆਂ 1 ਲੱਖ 62 ਹਜ਼ਾਰ 718 ਤੱਕ ਪਹੁੰਚ ਗਈ। ਸ਼ਾਮ ਨੂੰ ਥਾਪਰ ਕਾਲਜ ਵਿਖੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੂੰ ਰਿਟਰਨਿੰਗ ਅਫਸਰ ਕੁਮਾਰ ਅਮਿਤ ਨੇ ਸਰਟੀਫਿਕੇਟ ਪ੍ਰਦਾਨ ਕੀਤਾ। ਇਸ ਮੌਕੇ ਪ੍ਰਨੀਤ ਕੌਰ ਨਾਲ ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

ਚੌਥੀ ਵਾਰ ਬਣੇ ਮੈਂਬਰ ਪਾਰਲੀਮੈਂਟ
ਪ੍ਰਨੀਤ ਕੌਰ ਲਗਾਤਾਰ ਪੰਜਵੀਂ ਵਾਰ ਪਟਿਆਲਾ ਤੋਂ ਲੋਕ ਸਭਾ ਚੋਣਾਂ ਲੜਨ ਲਈ ਚੋਣ ਮੈਦਾਨ ਵਿਚ ਉੱਤਰੇ। ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣੇ। ਸਭ ਤੋਂ ਪਹਿਲਾਂ ਸਾਲ 1999 ਵਿਚ ਪ੍ਰਨੀਤ ਕੌਰ ਸੰਸਦ 'ਚ ਪਹੁੰਚੇ ਸਨ। ਦੁਜੀ ਵਾਰ ਉਨ੍ਹਾਂ ਸਾਲ 2004 ਵਿਚ ਧਾਕੜ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਨੂੰ ਹਰਾਇਆ। ਤੀਜੀ ਵਾਰ ਪ੍ਰਨੀਤ ਕੌਰ ਸਾਲ 2009 ਵਿਚ ਚੋਣ ਮੈਦਾਨ ਵਿਚ ਉੱਤਰੇ ਤਾਂ ਉਹ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਾਤ ਦੇ ਕੇ ਤੀਜੀ ਵਾਰ ਸੰਸਦ ਵਿਚ ਪਹੁੰਚੇ। ਚੌਥੀ ਵਾਰ ਸਾਲ 2014 ਵਿਚ ਚੋਣ ਲੜੀ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ। ਹੁਣ ਪੰਜਵੀਂ ਵਾਰ ਲੋਕ ਸਭਾ ਦੀ ਚੋਣ ਲੜੀ ਤਾਂ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 1 ਲੱਖ 62 ਹਜ਼ਾਰ 718 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।

ਜ਼ਿਲੇ ਦੇ ਇਕਲੌਤੇ ਅਕਾਲੀ ਵਿਧਾਇਕ ਦੇ ਹਲਕੇ 'ਚ ਮਿਲੀ ਸਭ ਤੋਂ ਵੱਡੀ ਲੀਡ
ਪਟਿਆਲਾ ਜ਼ਿਲੇ ਵਿਚ ਇਸ ਸਮੇਂ ਹਲਕਾ ਸਨੌਰ ਤੋਂ ਅਕਾਲੀ ਦਲ ਦਾ ਵਿਧਾਇਕ ਹੈ। ਇੱਥੋਂ ਹੀ ਪ੍ਰਨੀਤ ਕੌਰ ਨੂੰ ਸਭ ਤੋਂ ਵੱਡੀ ਲੀਡ ਮਿਲੀ। ਪਹਿਲਾਂ ਸਭ ਤੋਂ ਜ਼ਿਆਦਾ ਲੀਡ ਪਟਿਆਲਾ ਸ਼ਹਿਰੀ ਵਿਧਾਨ ਸਭਾ ਖੇਤਰ 'ਚੋਂ ਹੀ ਮਿਲਦੀ ਰਹੀ ਹੈ। ਅੱਜ ਐਲਾਨੇ ਨਤੀਜਿਆਂ ਵਿਚ ਸਭ ਤੋਂ ਵੱਡੀ ਲੀਡ ਪ੍ਰਨੀਤ ਕੌਰ ਨੂੰ ਹਲਕਾ ਸਨੌਰ ਤੋਂ ਮਿਲੀ। ਦੂਜੇ ਨੰਬਰ 'ਤੇ ਪਟਿਆਲਾ ਸ਼ਹਿਰੀ ਅਤੇ ਤੀਜੇ ਨੰਬਰ 'ਤੇ ਪਟਿਆਲਾ ਦਿਹਾਤੀ ਹਲਕਾ ਰਿਹਾ।

ਨਿਊ ਮੋਤੀ ਮਹਿਲ 'ਚ ਜਸ਼ਨ, ਰੱਖੜਾ ਦੇ ਕੈਂਪ 'ਚ ਸੰਨਾਟਾ
ਕਾਂਗਰਸ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊੁ ਮੋਤੀ ਮਹਿਲ 'ਚ ਖੂਬ ਜਸ਼ਨ ਮਨਾਏ ਗਏ। ਕਾਂਗਰਸੀ ਵਰਕਰਾਂ ਨੇ ਦੁਪਹਿਰ ਤੋਂ ਜ਼ਸਨ ਮਨਾਉਣੇ ਸ਼ੁਰੂ ਕਰ ਦਿੱਤੇ। ਜਿਉਂ ਜਿਉਂ ਲੀਡ ਵਧਦੀ ਗਈ, ਜਸ਼ਨ ਹੋਰ ਗਰਮਜੋਸ਼ੀ ਨਾਲ ਮਨਾਏ ਗਏ। ਪ੍ਰਨੀਤ ਕੌਰ ਵੱਲੋਂ 2 ਵਜੇ ਤੋਂ ਬਾਅਦ ਨਿਊ ਮੋਤੀ ਬਾਗ ਪੈਲੇਸ ਵਿਚ ਹੀ ਵਰਕਰਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਗਿਆ। ਵੱਡੀ ਗਿਣਤੀ 'ਚ ਸ਼ਾਮ ਨੂੰ ਕਾਂਗਰਸੀ ਵਰਕਰ ਅਤੇ ਆਗੂ ਪ੍ਰਨੀਤ ਕੌਰ ਨੂੰ ਵਧਾਈ ਦੇਣ ਲਈ ਪਹੁੰਚੇ। ਪੂਰੇ ਸ਼ਹਿਰ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਦੂਜੇ ਪਾਸੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਕੈਂਪ ਵਿਚ ਸੰਨਾਟਾ ਛਾ ਗਿਆ। ਲੀਲਾ ਭਵਨ ਸਥਿਤ ਰੱਖੜਾ ਟੈਕਨਾਲੋਜੀ ਵਿਚ ਬਣੇ ਰੱਖੜਾ ਦੇ ਕੈਂਪ ਆਫਿਸ 'ਚ ਕੋਈ ਵੀ ਨਹੀਂ ਸੀ। ਹਾਰ ਦੀ ਸੂਚਨਾ ਮਿਲਣ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਸਿੱਧੇ ਆਪਣੇ ਘਰ ਨਿਊ ਕਰਤਾਰ ਵਿਲ੍ਹਾ ਗਏ। ਉਥੇ ਵਰਕਰਾਂ ਅਤੇ ਆਗੂਆਂ ਨੂੰ ਮਿਲੇ ਅਤੇ ਹਾਰ ਦੇ ਕਾਰਨਾਂ ਦੀ ਪੜਚੋਲ ਕੀਤੀ।

ਕਿਸ ਨੂੰ ਮਿਲੀਆਂ ਕਿੰਨੀਆਂ ਵੋਟਾਂ?
ਜੇਤੂ ਉਮੀਦਵਾਰ ਪ੍ਰਨੀਤ ਕੌਰ (ਕਾਂਗਰਸ)-532027
ਸੁਰਜੀਤ ਸਿੰਘ ਰੱਖੜਾ (ਅਕਾਲੀ ਦਲ)-369309
ਡਾ. ਧਰਮਵੀਰ ਗਾਂਧੀ (ਨਵਾਂ ਪੰਜਾਬ ਪਾਰਟੀ)-161645
ਨੀਨਾ ਮਿੱਤਲ (ਆਮ ਆਦਮੀ ਪਾਰਟੀ)-56877

Shyna

This news is Content Editor Shyna