ਪਟਿਆਲਾ ''ਚ 2014 ''ਚ ਹੋਇਆ ਸੀ ਤਿਕੋਣਾ ਮੁਕਾਬਲਾ ਪਰ ਇਸ ਵਾਰ ਸਥਿਤੀ ਅਸਪੱਸ਼ਟ

04/19/2019 10:32:03 AM

ਪਟਿਆਲਾ(ਵੈੱਬ ਡੈਸਕ) : ਦੇਸ਼ 'ਚ 17ਵੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਨਵੀਂ ਸਰਕਾਰ ਬਨਣ 'ਚ ਕਰੀਬ ਇਕ ਮਹੀਨੇ ਦਾ ਸਮਾਂ ਬਾਕੀ ਹੈ। ਲੋਕ ਸਭਾ ਦੀਆਂ 545 ਸੀਟਾਂ ਚੋਂ 13 ਪੰਜਾਬ 'ਚ ਹਨ। ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਸੀਟ ਪਟਿਆਲਾ ਦੀ ਤਾਂ ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਦੇ ਇਤਿਹਾਸ ਵਿਚ ਸਿਰਫ਼ ਇਕ ਵਾਰ 2014 ਵਿਚ ਹੀ ਤਿਕੋਣਾ ਮੁਕਾਬਲਾ ਹੋਇਆ। ਉਂਝ ਅੱਧੀ ਦਰਜਨ ਹੋਰ ਚੋਣਾਂ ਦੌਰਾਨ ਵੀ ਕੁਝ ਉਮੀਦਵਾਰ ਚੋਣ ਮੁਹਿੰਮਾਂ ਦੌਰਾਨ ਤਾਂ ਉੱਭਰ ਕੇ ਸਾਹਮਣੇ ਆਉਂਦੇ ਰਹੇ, ਪਰ ਵੋਟਾਂ ਹਾਸਲ ਕਰਨ ਦੇ ਮਾਮਲੇ ਵਿਚ ਉਹ ਪੱਛੜਦੇ ਰਹੇ। ਇਸ ਕਰਕੇ ਉਹ ਤਿਕੋਣੇ ਮੁਕਾਬਲੇ ਦੇ ਨੇੜੇ ਵੀ ਨਾ ਪੁੱਜ ਸਕੇ। ਪਿਛਲੀ ਵਾਰ ਵੀ ਤਿਕੋਣਾ ਮੁਕਾਬਲਾ 'ਆਪ' ਦੀ ਆਮਦ ਕਾਰਨ ਹੋਇਆ। ਡਾ. ਧਰਮਵੀਰ ਗਾਂਧੀ ('ਆਪ') ਨੂੰ 3,65,671, ਪ੍ਰਨੀਤ ਕੌਰ (ਕਾਂਗਰਸ) ਨੂੰ 3,44,279 ਅਤੇ ਦੀਪਇੰਦਰ ਸਿੰਘ ਢਿੱਲੋਂ (ਅਕਾਲੀ) ਨੂੰ 3,40,109 ਵੋਟਾਂ ਪਈਆਂ ਤੇ ਡਾ. ਗਾਂਧੀ 21,392 ਵੋਟਾਂ ਨਾਲ਼ ਜੇਤੂ ਰਹੇ।

ਐਤਕੀਂ ਡਾ. ਗਾਂਧੀ 'ਪੀ.ਡੀ.ਏ.' ਦੇ ਉਮੀਦਵਾਰ ਵਜੋਂ ਮੈਦਾਨ 'ਚ ਹਨ। 'ਆਪ' ਦੀ ਉਮੀਦਵਾਰ ਨੀਨਾ ਮਿੱਤਲ ਹੈ। ਕਾਂਗਰਸ ਨੇ ਪ੍ਰਨੀਤ ਕੌਰ ਤੇ ਅਕਾਲੀਆਂ ਨੇ ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦਿੱਤੀ ਹੈ। ਇਹ ਚਾਰੋਂ ਪ੍ਰਮੁੱਖ ਉਮੀਦਵਾਰਾਂ ਵਜੋਂ ਤਾਂ ਚਰਚਾ ਵਿਚ ਹਨ, ਪਰ ਹਾਲ ਦੀ ਘੜੀ ਤਿਕੋਣੇ ਮੁਕਾਬਲੇ ਵਾਲ਼ੀ ਕੋਈ ਗੱਲ ਨਹੀਂ। ਚੋਣ ਮੁਹਿੰਮ 'ਚ ਪ੍ਰਨੀਤ ਕੌਰ ਮੋਹਰੀ ਹੈ। ਰੱਖੜਾ ਤੇ ਗਾਂਧੀ ਮੁਹਿੰਮ ਨੂੰ ਇਕ-ਦੂਜੇ ਤੋਂ ਅੱਗੇ ਕੱਢਣ ਲਈ ਜ਼ੋਰ ਅਜ਼ਮਾਈ 'ਚ ਹਨ। ਨੀਨਾ ਮਿੱਤਲ ਦੀ ਮੁਹਿੰਮ ਅਜੇ ਲੜਖੜਾਈ ਹੋਈ ਹੈ। 1972 'ਚ ਸਿਟਿੰਗ ਐਮ.ਪੀ ਵਜੋਂ ਮਹਾਰਾਣੀ ਮਹਿੰਦਰ ਕੌਰ ਰਵਾਇਤੀ ਕਾਂਗਰਸ ਦੀ ਟਿਕਟ ਨਾ ਮਿਲਣ 'ਤੇ ਰਾਜਸੀ ਪਲਟੀ ਮਾਰਦਿਆਂ, ਕਾਂਗਰਸ (ਆਰਗੇਨਾਈਜ਼) ਨਾਮ ਦੀ ਨਵੀਂ ਬਣੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ। ਉਨ੍ਹਾਂ ਨੂੰ ਜੇਤੂ ਕਾਂਗਰਸ ਦੇ ਸੱਤਪਾਲ ਕਪੂਰ ਦੀਆਂ 1.47 ਲੱਖ ਅਤੇ ਹਾਰੇ ਗਿਆਨ ਸਿੰਘ ਰਾੜੇਵਾਲ਼ੇ ਦੀਆਂ 1.05 ਲੱਖ ਵੋਟਾਂ ਦੇ ਮੁਕਾਬਲੇ 36 ਹਜ਼ਾਰ ਵੋਟਾਂ ਹੀ ਪਈਆਂ, ਜੋ 1967 'ਚ ਰਹੀ ਜੇਤੂ ਲੀਡ ਤੋਂ ਵੀ ਘੱਟ ਸਨ।

1999 ਵਿਚ ਸਿਟਿੰਗ ਐਮ.ਪੀ. ਵਜੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਰਵਾਇਤੀ ਅਕਾਲੀ ਦਲ ਛੱਡ ਕੇ ਨਵੇਂ ਬਣਾਏ ਅਕਾਲੀ ਦਲ ਲੌਂਗੋਵਾਲ਼ ਵੱਲੋਂ ਚੋਣ ਲੜੀ ਪਰ ਵੋਟਾਂ 80 ਹਜ਼ਾਰ ਨਿਕਲ਼ੀਆਂ, ਜੋ ਜੇਤੂ ਰਹੀ ਪ੍ਰਨੀਤ ਕੌਰ ਦੀਆਂ 3.70 ਲੱਖ ਤੇ ਹਾਰੇ ਸੁਰਜੀਤ ਰੱਖੜਾ ਦੀਆਂ 3.60 ਲੱਖ ਵੋਟਾਂ ਨਾਲ਼ੋਂ ਚੌਥਾ ਹਿੱਸਾ ਵੀ ਨਹੀਂ ਸਨ। ਇਹ ਘਾਗ ਨੇਤਾ ਵੀ ਤਿਕੋਣ ਨਾ ਬਣਾ ਸਕਿਆ। 1989 ਵਿਚ ਵੀ ਅਹਿਮ ਉਮੀਦਵਾਰਾਂ ਦੇ ਬਾਵਜੂਦ ਤਿੰਨ ਧਿਰੀ ਮੁਕਾਬਲਾ ਨਾ ਬਣਿਆ। 2014 ਦੀ ਤਰ੍ਹਾਂ ਹੀ ਉਦੋਂ ਵੀ ਲਹਿਰ ਦੌਰਾਨ ਗਰਮਖ਼ਿਆਲੀ ਭਾਈ ਅਤਿੰਦਰਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ 2.94 ਲੱਖ ਵੋਟਾਂ ਹਾਸਲ ਕਰਦਿਆਂ, ਵਿਨੋਦ ਸ਼ਰਮਾ (ਕਾਂਗਰਸ) ਨੂੰ 80 ਹਜ਼ਾਰ ਨਾਲ ਹਰਾਇਆ ਸੀ। ਬਲਵੰਤ ਸਿੰਘ ਰਾਮੂਵਾਲੀਆ (ਅਕਾਲੀ) ਨੂੰ 51 ਹਜ਼ਾਰ ਵੋਟਾਂ ਮਿਲੀਆਂ।

cherry

This news is Content Editor cherry