ਪਟਿਆਲਾ ਕੋਟ ਕੰਪਲੈਕਸ 'ਚ ਬਦਮਾਸ਼ ਦਾ ਡਰਾਮਾ, ਫਿਲਮ ਬੈਨ ਕਰਨ ਦੀ ਕੀਤੀ ਮੰਗ

01/27/2020 6:49:39 PM

ਪਟਿਆਲਾ (ਇੰਦਰਜੀਤ ਬਖਸ਼ੀ) - ਪਟਿਆਲਾ ਦੇ ਕੋਟ ਕੰਪਲੈਕਸ 'ਚ ਅੱਜ ਉਸ ਸਮੇਂ ਭੜਥੂ ਪੈ ਗਿਆ ਜਦੋਂ ਪੇਸ਼ੀ 'ਤੇ ਆਏ ਲੁਧਿਆਣਾ ਦੇ ਬਦਮਾਸ਼ ਰਾਜੀਵ ਰਾਜਾ ਨੇ ਆਉਣ ਵਾਲੀ ਪੰਜਾਬੀ ਫਿਲਮ 'ਸ਼ੂਟਰ' ਦਾ ਵਿਰੋਧ ਕੀਤਾ। ਨਾਭਾ ਜੇਲ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਦਮਾਸ਼ ਨੇ 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਸ਼ੂਟਰ’ ’ਤੇ ਰੋਕ ਲਾਉਣ ਲਈ ਮਾਣਯੋਗ ਅਦਾਲਤ ’ਚ ਅਰਜ਼ੀ ਵੀ ਦਿੱਤੀ। ਜਾਣਕਾਰੀ ਅਨੁਸਾਰ ਮਾਣਯੋਗ ਅਦਾਲਤ ’ਚ ਦਿੱਤੀ ਅਰਜ਼ੀ ’ਚ ਰਾਜੀਵ ਰਾਜਾ ਨੇ ਲਿਖਿਆ ਕਿ ਪੰਜਾਬ ’ਚ ਕਥਿਤ ਬਦਮਾਸ਼ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। ਉਸ ਦੀ ਆੜ ’ਚ ਕਈ ਵਾਰ ਬੇਕਸੂਰ ਨੌਜਵਾਨਾਂ ਦੇ ਐਨਕਾਊਂਟਰ ਹੋਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ’ਚ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। 

 

ਉਨ੍ਹਾਂ ਲਿਖਿਆ ਕਿ ਅਜਿਹੀਆਂ ਫਿਲਮਾਂ ਦੇ ਮਾਰਕੀਟ ’ਚ ਆਉਣ ਨਾਲ ਸਾਡੇ ਨੌਜਵਾਨ ਕੁਰਾਹੇ ਪੈ ਸਕਦੇ ਹਨ। ਸਾਡੇ ਨੌਜਵਾਨਾਂ ਦਾ ਟੀਚਾ ਡਾਕਟਰ, ਇੰਜੀਨੀਅਰ ਅਤੇ ਟੀਚਰ ਬਣਨਾ ਹੋਣਾ ਚਾਹੀਦਾ ਹੈ, ਨਾ ਕਿ ਬਦਮਾਸ਼ ਬਣਨਾ। ਰਾਜੀਵ ਰਾਜਾ ਮੁਤਾਬਕ ਫਿਲਮ ਬਣਾਉਣ ਵਾਲੇ ਤਾਂ ਨਿੱਜੀ ਆਰਥਕ ਲਾਭ ਲੈਣ ਲਈ ਕੁਝ ਵੀ ਦਿਖਾ ਸਕਦੇ ਹਨ ਪਰ ਇਹ ਤੈਅ ਹੈ ਕਿ ਅਜਿਹੀਆਂ ਫਿਲਮਾਂ ਰਿਲੀਜ਼ ਹੋਣ ਨਾਲ ਲੋਕਾਂ ’ਤੇ ਗਲਤ ਅਸਰ ਪਏਗਾ। ਇਸੇ ਲਈ ਰਾਜਾ ਨੇ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪੇਸ਼ੀ ਦੌਰਾਨ ਬਦਮਾਸ਼ ਆਪਣੇ ਨਾਲ ਲੈ ਕੇ ਆਏ ਹੋਏ ਮੰਗ-ਪੱਤਰ ਨੂੰ ਜੱਜ ਨੂੰ ਸੌਂਪਣਾ ਚਾਹੁੰਦਾ ਸੀ ਪਰ ਮੌਕੇ 'ਤੇ ਮੌਜੂਦ 15 ਦੇ ਕਰੀਬ ਪੁਲਸ ਮੁਲਾਜ਼ਮ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ, ਜਿਸ ਕਾਰਨ ਉਥੇ ਭੜਥੂ ਪੈ ਗਿਆ। 

rajwinder kaur

This news is Content Editor rajwinder kaur