ਗੈਂਗਸਟਰਾਂ ਦੀ ਪਨਾਹਗਾਹ ਬਣਿਆ ਪਟਿਆਲਾ

11/06/2017 6:21:14 AM

ਪਟਿਆਲਾ (ਬਲਜਿੰਦਰ) - ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਲਈ ਇਸ ਸਮੇਂ ਸਭ ਤੋਂ ਵੱਡੀ ਸਿਰਦਰਦੀ ਗੈਂਗਸਟਰਾਂ ਦੀ ਵਧਦੀ ਗਿਣਤੀ ਬਣੀ ਹੋਈ ਹੈ। ਕੁਝ ਸਾਲ ਪਹਿਲਾਂ ਇਹ ਆਪਸੀ ਗੈਂਗਵਾਰ ਅਤੇ ਲੁੱਟਾਂ-ਖੋਹਾਂ ਜਾਂ ਫਿਰ ਬਦਲਾਖੋਰੀ ਲਈ ਕਤਲ ਤੱਕ ਹੀ ਸੀਮਤ ਸਨ। ਇਸ ਸਮੇਂ ਪੰਜਾਬ ਵਿਚ ਹਾਲਾਤ ਇਹ ਹਨ ਕਿ ਵੱਡੀਆਂ ਵਾਰਦਾਤਾਂ 'ਚ ਗੈਂਗਸਟਰਾਂ ਦੀ ਭੂਮਿਕਾ ਜੱਗ-ਜ਼ਾਹਰ ਹੋ ਗਈ ਹੈ।  ਜ਼ਿਲਾ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੋਈ ਨਾਮੀ ਗੈਂਗਸਟਰ ਗਰੁੱਪ ਨਹੀਂ ਬਣਿਆ ਪਰ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਨਾ ਕੇਵਲ ਪੰਜਾਬ ਸਗੋਂ ਹਰਿਆਣਾ, ਦਿੱਲੀ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਗੈਂਗਸਟਰਾਂ ਦੀ ਪਟਿਆਲਾ ਪਨਾਹਗਾਹ ਬਣਿਆ ਹੋਇਆ ਹੈ। ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਕਈ ਗੈਂਗਸਟਰ ਸ਼ਾਹੀ ਸ਼ਹਿਰ ਵਿਚ ਹੀ ਰਹੇ ਹਨ। ਕਈ ਖਤਰਨਾਕ ਗੈਂਗਸਟਰਾਂ ਦੀਆਂ ਗ੍ਰਿਫਤਾਰੀਆਂ ਵੀ ਪਟਿਆਲਾ ਤੋਂ ਕੀਤੀਆਂ ਗਈਆਂ ਹਨ। ਪਟਿਆਲਾ ਦੇ ਸੀ. ਆਈ. ਏ. ਸਟਾਫ (ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ), ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਵਿੰਗ ਅਤੇ ਪਟਿਆਲਾ ਪੁਲਸ ਵੱਲੋਂ ਪਿਛਲੇ 4 ਸਾਲਾਂ ਵਿਚ 3 ਦਰਜਨ ਦੇ ਲਗਭਗ ਨਾਮੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ 10 ਖਤਰਨਾਕ ਗੈਂਗਸਟਰ ਵੀ ਸ਼ਾਮਲ ਹਨ।
ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ-ਪਿਛਲੇ ਪੰਜ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਾਹੀ ਸ਼ਹਿਰ ਪਟਿਆਲਾ ਵਿਚ ਗੈਂਗਸਟਰਾਂ ਵੱਲੋਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਉਨ੍ਹਾਂ ਵਿਚ ਪਿਛਲੇ ਸਾਲ 27 ਨਵੰਬਰ ਨਾਭਾ ਜੇਲ ਬ੍ਰੇਕ ਸਭ ਤੋਂ ਵੱਡੀ ਵਾਰਦਾਤ ਸੀ।  ਇਸ ਤੋਂ ਪਹਿਲਾਂ ਪਿਛਲੇ ਸਾਲ ਹੀ ਮਾਰਚ ਵਿਚ ਗੈਂਗਸਟਰਾਂ ਨੇ ਨਾਭਾ ਦੇ ਸਿਵਲ ਹਸਪਤਾਲ ਵਿਚੋਂ ਪੁਲਸ ਪਾਰਟੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪਲਵਿੰਦਰ ਪਿੰਦਾ ਨੂੰ ਛੁਡਵਾ ਲਿਆ ਸੀ।  ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਮਈ ਵਿਚ ਬਨੂੜ ਵਿਖੇ ਕੈਸ਼ ਵੈਨ ਦੀ ਲੁੱਟ ਕੀਤੀ ਗਈ, ਜਿਸ ਵਿਚੋਂ 1 ਕਰੋੜ 33 ਲੱਖ ਰੁਪਏ ਦੀ ਲੁੱਟ ਕੀਤੀ ਗਈ।  ਪੰਚਕੂਲਾ ਵਿਚ ਬਾਊਂਸਰ ਮੀਤ ਕਤਲ ਕੇਸ ਦੇ ਤਾਰ ਵੀ ਪਟਿਆਲਾ ਜੇਲ ਵਿਚ ਬੈਠੇ ਗੈਂਗਸਟਰਾਂ ਨਾਲ ਜੋੜ ਕੇ ਦੇਖੇ ਗਏ।
ਜ਼ਿਲੇ ਦੀਆਂ ਜੇਲਾਂ 'ਚ 3 ਦਰਜਨ ਗੈਂਗਸਟਰ ਬੰਦ-ਪਟਿਆਲਾ ਵਿਚ 2 ਨਾਮੀ ਜੇਲਾਂ ਹਨ। ਇਨ੍ਹਾਂ ਵਿਚ ਇਕ ਹੈ ਕੇਂਦਰੀ ਜੇਲ ਪਟਿਆਲਾ ਅਤੇ ਦੁਜੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ। ਦੋਵਾਂ ਵਿਚ 3 ਦਰਜਨ ਦੇ ਲਗਭਗ ਗੈਂਗਸਟਰ ਬੰਦ ਹਨ। ਇਨ੍ਹਾਂ ਵਿਚੋਂ  2 ਦਰਜਨ ਦੇ ਲਗਭਗ ਗੈਂਗਸਟਰ ਕੇਂਦਰੀ ਜੇਲ ਪਟਿਆਲਾ  'ਚ ਬੰਦ ਹਨ। ਬਾਕੀ ਹੋਰ ਵਾਰਦਾਤਾਂ ਦੇ ਗੈਂਗਸਟਰ ਵੀ ਸ਼ਾਮਲ ਹਨ।
ਮੋਹਾਲੀ ਤੇ ਚੰਡੀਗੜ੍ਹ ਦੇ ਗੈਂਗਸਟਰ ਵੀ ਲੈਂਦੇ ਰਹੇ ਪਨਾਹ-ਪਨਾਹ ਲੈਣ ਲਈ ਪਿਛਲੇ ਸਮੇਂ ਦੌਰਾਨ ਗੈਂਗਸਟਰਾਂ ਦੀ ਪਟਿਆਲਾ ਪਹਿਲੀ ਪਸੰਦ ਰਿਹਾ ਹੈ। ਇਥੇ ਸਿੱਖਿਆ ਸੰਸਥਾਵਾਂ ਕਾਫੀ ਹਨ। ਪਟਿਆਲਾ ਦੇ ਨਾਲ-ਨਾਲ ਮੋਹਾਲੀ ਤੇ ਚੰਡੀਗੜ੍ਹ ਵੀ ਗੈਂਗਸਟਰ ਵੱਡੀ ਗਿਣਤੀ ਵਿਚ ਪਨਾਹ ਲੈਂਦੇ ਰਹੇ ਹਨ।