ਵਿਸ਼ਾਲ ਖੂਨ-ਦਾਨ ਕੈਂਪ ’ਚ 101 ਯੂਨਿਟ ਖੂਨ ਇਕੱਤਰ

02/22/2019 4:24:54 AM

ਪਟਿਆਲਾ (ਮਾਨ)-ਮਾਨਵ ਸੇਵਾ ਵੈੈੱਲਫੇਅਰ ਸੋਸਾਇਟੀ ਹਰਿਆਊ ਖੁਰਦ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹਿਲੇ ਵਿਸ਼ਾਲ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ ਯੂਥ ਆਗੂ ਸਵਰਗੀ ਅਵਤਾਰ ਸਿੰਘ ਦੀ ਮਾਤਾ ਮਹਿੰਦਰ ਕੌਰ ਨੇ ਕੀਤਾ। ਮੁੱਖ ਮਹਿਮਾਨ ਦੇ ਤੌਰ ’ਤੇ ਡੀ. ਐੱਸ. ਪੀ. ਬਲਜਿੰਦਰ ਸਿੰਘ ਪਨੂੰ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ 101 ਯੂਨਿਟ ਖੂਨ ਇਕੱਤਰ ਕੀਤਾ। ਖੂਨ-ਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਮੁੱਖ ਮਹਿਮਾਨ ਡੀ. ਐੱਸ. ਪੀ. ਬਲਜਿੰਦਰ ਸਿੰਘ ਪਨੂੰ ਨੇ ਕਿਹਾ ਕਿ ਖੂਨ-ਦਾਨ ਸਭ ਤੋਂ ਵੱਡਾ ਦਾਨ ਹੈ। ਮਨੁੱਖੀ ਖੂਨ ਦੁਨੀਆ ਦੀ ਇਕ ਅਜਿਹੀ ਵਸਤੂ ਹੈ, ਜਿਸ ਨੂੰ ਲੱਖ ਖੋਜਾਂ ਦੇ ਬਾਵਜੂਦ ਹਾਲੇ ਤੱਕ ਕਿਸੇ ਵੀ ਫੈਕਟਰੀ ਵਿਚ ਤਿਆਰ ਨਹੀਂ ਕੀਤਾ ਜਾ ਸਕਿਆ। ਪ੍ਰਧਾਨ ਮੁਖਤਿਆਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਕੰਮ ਕਰਦੀ ਆ ਰਹੀ ਹੈ। ਆਪਣੇ ਇਨ੍ਹਾਂ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਪਹਿਲਾ ਖੂਨ-ਦਾਨ ਕੈਂਪ ਲਾਇਆ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਮੰਗਤ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਗੋਪਾਲ ਸਿੰਘ, ਕੁਲਦੀਪ ਸਿੰਘ, ਗੁਰਬਾਜ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।