ਮੁੰਡਾ ਬੁਲਟ ''ਤੇ ਵਿਆਹ ਲਿਆਇਆ ਲਾੜੀ, ਇਕ ਹੋਰ ਜੋੜੇ ਨੇ ਵੀ ਕਰਵਾਇਆ ਸਾਦਾ ਵਿਆਹ

04/26/2020 6:13:18 PM

ਪਟਿਆਲਾ (ਪਰਮੀਤ): ਪਟਿਆਲਾ ਜ਼ਿਲੇ ਵਿਚ ਅੱਜ ਇਕ ਲਾੜਾ ਬੁਲਟ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੀ ਲਾੜੀ ਵਿਆਹ ਲਿਆਇਆ ਜਦਕਿ ਇਸੇ ਤਰ੍ਹਾਂ ਇਕ ਹੋਰ ਜੋੜੇ ਨੇ ਆਪਣਾ ਵਿਆਹੁਤਾ ਜੀਵਨ ਸਫਰ ਸ਼ੁਰੂ ਕਰਨ ਲਈ ਸਾਦਾ ਵਿਆਹ ਕਰਵਾ ਲਿਆ।ਮਾਮਲਾ ਪਿੰਡ ਰੋਹਟੀ ਛੰਨਾ ਦਾ ਹੈ ,ਜਿਥੇ ਦੀ ਵਸਨੀਕ ਲੜਕੀ ਹੈ ਜਦਕਿ ਲੜਕਾ ਪਟਿਆਲਾ ਦੀ ਬਾਰਾਂਦਰੀ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦਾ ਵਿਆਹ ਪਹਿਲਾਂ ਤੋਂ ਹੀ 26 ਅਪ੍ਰੈਲ ਲਈ ਨਿਸ਼ਚਿਤ ਸੀ। ਪਰਿਵਾਰ ਵਾਲੇ ਪਹਿਲਾਂ ਵਿਆਹ ਅੱਗੇ ਪਾਉਣ ਬਾਰੇ ਵਿਚਾਰ ਕਰ ਰਹੇ ਸਨ ਪਰ ਫਿਰ ਉਨ੍ਹਾਂ ਨੇ ਮਨ ਬਣਾ ਲਿਆ ਕਿ ਵਿਆਹ ਪਹਿਲਾਂ ਤੋਂ ਨਿਸ਼ਚਿਤ ਤਾਰੀਕ 'ਤੇ ਹੀ ਕਰਨਾ ਚਾਹੀਦਾ ਹੈ। ਪਰਿਵਾਰ ਨੇ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਦਫਤਰ ਤੋਂ ਪਰਮੀਸ਼ਨ ਲਈ ਜਿੱਥੇ ਸਿਰਫ 4 ਵਿਅਕਤੀ ਲਿਆਉਣ ਦੀ ਇਜਾਜ਼ਤ ਮਿਲੀ। ਧਰੁਵ ਨਾਂ ਦਾ ਇਹ ਲਾੜਾ ਆਪ ਬੁਲਟ ਮੋਟਰ ਸਾਈਕਲ ਚਲਾ ਕੇ ਆਪਣੇ ਹੋਣ ਵਾਲੇ ਸਹੁਰੇ ਪਿੰਡ ਰੋਹਟੀ ਛੰਨਾ ਪੁੱਜਿਆ ਤੇ ਫਿਰ ਲਾੜੀ ਨੂੰ ਬਿਠਾ ਕੇ ਗੁਰਦੁਆਰਾ ਸਾਹਿਬ ਪਹੁੰਚਿਆ ਜਿਥੇ ਆਨੰਦ ਕਾਰਜ ਸੰਪੰਨ ਹੋਏ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਅੰਮ੍ਰਿਤਸਰ 'ਚ ਸਾਦਗੀ ਨਾਲ ਹੋਇਆ ਵਿਆਹ, ਪੁਲਸ ਬਣੀ 'ਬਾਰਾਤੀ' (ਵੀਡੀਓ)

ਲਾੜੇ ਧਰੁਵ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਸਾਦਾ ਵਿਆਹ ਕਰਵਾਉਣ ਦਾ ਇੱਛੁਕ ਸੀ ਤੇ ਕੋਰੋਨਾ ਕਾਰਨ ਉਸਦੀ ਇੱਛਾ ਪੂਰੀ ਹੋ ਗਈ ਹੈ। ਉਸਨੇ ਦੱਸਿਆ ਕਿ ਉਸਨੇ ਵਿਆਹ ਅੱਗੇ ਪਾਉਣ ਬਾਰੇ ਵੀ ਸੋਚਿਆ ਸੀ ਪਰ ਹੁਣ ਸਾਦੇ ਵਿਆਹ ਕਾਰਨ ਉਹ ਫਾਲਤੂ ਖਰਚ ਤੋਂ ਬਚ ਗਿਆ। ਉਸਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਦੇ ਵਿਆਹ ਨੂੰ ਪਹਿਲ ਦੇਣ ਅਤੇ ਫਾਲਤੂ ਖਰਚੇ ਤੋਂ ਬਚਣ।

ਇਹ ਵੀ ਪੜ੍ਹੋ: ਵਿਦੇਸ਼ਾਂ 'ਚ ਫਸੇ ਪਟਿਆਲਾ ਜ਼ਿਲੇ ਦੇ ਵਸਨੀਕ ਭਾਰਤ ਪਰਤਣ ਲਈ ਇਸ ਨੰਬਰ 'ਤੇ ਕਰਨ ਸੰਪਰਕ

ਦੂਜਾ ਵਿਆਹ ਸ਼ਾਹੀ ਸ਼ਹਿਰ ਦੇ ਅਰਬਨ ਅਸਟੇਟ ਫੇਜ਼ 2 ਸਥਿਤ ਗੁਰਦੁਆਰਾ ਸਾਹਿਬ ਵਿਚ ਸੰਪੰਨ ਹੋਇਆ। ਲਾੜਾ ਮਨਜੋਤ ਸਿੰਘ ਪੁੱਤਰ ਲੇਟ ਸ੍ਰ ਹਰਦੇਵ ਸਿੰਘ ਅਨਾਰਦਾਣਾ ਚੌਂਕ ਦਾ ਰਹਿਣ ਵਾਲਾ ਹੈ ਜਦਕਿ ਲੜਕੀ ਹਰਮਨਦੀਪ ਕੌਰ ਪੁੱਤਰੀ ਸ੍ਰ ਮਨਜੀਤ ਸਿੰਘ ਅਰਬਨ ਅਸਟੇਟ ਦੀ ਰਹਿਣ ਵਾਲੀ ਹੈ। ਇਸ ਵਿਆਹ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਵਿਆਹ ਦੀ ਤਾਰੀਕ ਪਹਿਲਾਂ ਤੋਂ ਹੀ ਨਿਸ਼ਚਿਤ ਸੀ ਤੇ ਦੋਵੇਂ ਪਰਿਵਾਰਾਂ ਨੇ ਫੈਸਲਾ ਕੀਤਾ ਕਿ ਵਿਆਹ ਅੱਗੇ ਨਾ ਪਾਇਆ ਜਾਵੇ ਤੇ ਸਾਦਾ ਵਿਆਹ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਲੜਕੇ ਪਰਿਵਾਰ ਵੱਲੋਂ ਸਿਰਫ 4-5 ਜੀਅ ਹੀ ਹਾਜ਼ਰ ਸਨ ਤੇ ਇਸੇ ਤਰ੍ਹਾਂ ਲੜਕੀ ਪਰਿਵਾਰ ਵੱਲੋਂ ਵੀ ਸੀਮਤ ਬੰਦੇ ਹੀ ਮੌਕੇ 'ਤੇ ਹਾਜ਼ਰ ਸਨ। ਉੁਹਨਾਂ ਦੱਸਿਆ ਕਿ ਵਿਆਹ ਪੂਰਨ ਗੁਰਮਰਿਆਦਾ ਅਨੁਸਾਰ ਨੇਪਰੇ ਚੜਿਆ।

Shyna

This news is Content Editor Shyna