ਭਾਜਪਾ ਨੇ ਪੰਜਾਬ ਦੇ 50 ਸਿੱਖ ਚਿਹਰਿਆਂ ''ਤੇ ਟਿਕਾਈਆਂ ਨਜ਼ਰਾਂ

09/29/2019 9:50:06 AM

ਪਟਿਆਲਾ (ਰਾਜੇਸ਼)—ਭਾਰਤੀ ਜਨਤਾ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕੱਲੇ ਹੱਥ ਅਜਮਾਉਣ ਦੀਆਂ ਤਿਆਰੀਆਂ ਕਰ ਰਹੀ ਹੈ, ਜਿਸ ਦੇ ਤਹਿਤ ਪਾਰਟੀ ਨੇ ਸੂਬੇ ਦੇ 50 ਸਿੱਖ ਚਿਹਰਿਆਂ 'ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਜਿਥੇ ਹਰਿਆਣਾ ਦਾ ਇਕੋ-ਇਕ ਅਕਾਲੀ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ, ਉਥੇ ਹੀ ਸੂਤਰਾਂ ਅਨੁਸਾਰ ਵੱਡੀ ਗਿਣਤੀ ਵਿਚ ਪੰਜਾਬ ਦੀ ਸੱਤਾ 'ਤੇ ਕਾਬਜ਼ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ ਅਤੇ ਸਾਬਕਾ ਐੱਮ. ਪੀ. ਸਮਾਂ ਆਉਣ 'ਤੇ ਭਾਜਪਾ ਦੀ ਕਿਸ਼ਤੀ ਵਿਚ ਸਵਾਰ ਹੋ ਸਕਦੇ ਹਨ। ਸੂਬੇ ਦੀਆਂ 117 ਸੀਟਾਂ 'ਤੇ ਭਾਜਪਾ ਨੇ ਹੁਣ ਤੋਂ ਹੀ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਾਰਟੀ ਅਜੇ ਪੱਤੇ ਨਹੀਂ ਖੋਲ੍ਹ ਰਹੀ ਹੈ ਪਰ ਸੂਤਰਾਂ ਅਨੁਸਾਰ ਹਾਈਕਮਾਨ ਨੇ ਸੂਬਾ ਭਾਜਪਾ ਨੂੰ ਗਠਜੋੜ ਅਤੇ ਇਕੱਲੇ ਦੋਵਾਂ ਬਦਲਾਂ ਲਈ ਤਿਆਰ ਰਹਿਣ ਲਈ ਕਿਹਾ ਹੈ। ਇਹੀ ਕਾਰਣ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਐੱਮ. ਪੀ. ਸੂਬੇ ਦੇ ਦਿਹਾਤੀ ਵਿਧਾਨ ਸਭਾ ਹਲਕਿਆਂ ਵਿਚ ਵੀ ਜਾਣ ਲੱਗੇ ਹਨ, ਜਿਸ ਦਾ ਭਾਜਪਾ ਦਾ ਸਹਿਯੋਗੀ ਅਕਾਲੀ ਦਲ ਵਿਰੋਧ ਕਰ ਰਿਹਾ ਹੈ।

ਸ਼ਵੇਤ ਮਲਿਕ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲੇ ਪਟਿਆਲਾ ਵਿਚ ਪੈਂਦੇ ਰਾਜਪੁਰਾ ਅਤੇ ਘਨੌਰ ਵਿਧਾਨ ਸਭਾ ਹਲਕਿਆਂ ਵਿਚ ਦੌਰਾ ਕਰ ਚੁੱਕੇ ਹਨ। ਜ਼ਿਲਾ ਪਟਿਆਲਾ ਦੇ ਕੁੱਲ 8 ਵਿਧਾਨ ਸਭਾ ਖੇਤਰਾਂ ਵਿਚੋਂ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਸਮਾਣਾ ਅਤੇ ਘਨੌਰ 'ਤੇ ਭਾਜਪਾ ਦੀ ਤਿੱਖੀਆਂ ਨਜ਼ਰ ਹਨ। ਸੂਤਰਾਂ ਅਨੁਸਾਰ ਪਟਿਆਲਾ ਵਿਚ ਕੈਪਟਨ ਦੇ ਅੱਤ ਕਰੀਬੀ ਰਹੇ ਕੁਝ ਮੌਜੂਦਾ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ ਕਿਉਂਕਿ ਉਨ੍ਹਾਂ ਦੀ ਹੁਣ 2002 ਵਾਲੀ ਸਰਕਾਰ ਵਰਗੀ ਸੁਣਵਾਈ ਨਹੀਂ ਹੋ ਰਹੀ ਹੈ। ਕੈਪਟਨ ਸਰਕਾਰ ਦਾ ਅੱਧਾ ਕਾਰਜਕਾਲ ਬੀਤ ਚੁੱਕਾ ਹੈ। ਵਿਧਾਇਕ ਡੇਢ ਸਾਲ ਦਾ ਹੋਰ ਇੰਤਜ਼ਾਰ ਕਰ ਰਹੇ ਹਨ।

ਸੂਤਰਾਂ ਅਨੁਸਾਰ ਅਕਾਲੀ ਦਲ ਦੇ ਕਈ ਦਿਗਜ ਆਗੂ ਭਾਜਪਾ ਦੇ ਸੰਪਰਕ ਵਿਚ ਹਨ। ਇਨ੍ਹਾਂ ਵਿਚ ਸਾਬਕਾ ਅਤੇ ਮੌਜੂਦਾ ਐੱਮ. ਪੀ. ਅਤੇ ਮੌਜੂਦਾ ਤੇ ਸਾਬਕਾ ਵਿਧਾਇਕ ਸ਼ਾਮਲ ਹਨ। ਭਾਜਪਾ ਨੇ ਜਦੋਂ ਹਰਿਆਣਾ ਵਿਚ ਸਰਕਾਰ ਬਣਾਈ ਸੀ ਤਾਂ ਉਨ੍ਹਾਂ ਨੇ ਰਾਸ਼ਟਰੀ ਲੋਕ ਦਲ ਅਤੇ ਕਾਂਗਰਸ ਪਾਰਟੀ ਦੇ ਕਈ ਆਗੂਆਂ ਨੂੰ ਟਿਕਟਾਂ ਦਿੱਤੀਆਂ ਸੀ। ਪਾਰਟੀ ਨੇ ਅਜਿਹੇ ਆਗੂਆਂ ਦੀ ਪਛਾਣ ਕੀਤੀ ਸੀ ਜੋ ਆਪਣੇ ਹਲਕੇ ਵਿਚ 5 ਤੋਂ 10 ਹਜ਼ਾਰ ਆਪਣੀ ਨਿੱਜੀ ਵੋਟ ਰੱਖਦੇ ਹਨ, ਜਿਸ ਕਾਰਣ ਹੀ ਭਾਜਪਾ ਨੂੰ ਹਰਿਆਣਾ ਵਿਚ ਵੱਡੀ ਜਿੱਤ ਮਿਲੀ ਸੀ। ਪੰਜਾਬ ਵਿਚ ਵੀ ਪਾਰਟੀ ਇਸੇ ਤਰ੍ਹਾਂ ਦਾ ਫਾਰਮੂਲਾ ਅਪਣਾਉਣਾ ਚਾਹੁੰਦੀ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਜੋ ਨੇਤਾ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿਚ ਪੂਰੀ ਪੈਠ ਰੱਖਦੇ ਹਨ, ਭਾਜਪਾ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਚੋਣ ਲੜਵਾ ਸਕਦੀ ਹੈ। ਭਾਜਪਾ ਹਾਈਕਮਾਨ ਕੋਲ ਇਹ ਰਿਪੋਰਟ ਪਹੁੰਚ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਸ਼ਿਆਂ ਦੇ ਲੱਗੇ ਦੋਸ਼ਾਂ ਤੋਂ ਅਕਾਲੀ ਦਲ ਹੁਣ ਤਕ ਉੱਭਰ ਨਹੀਂ ਸਕਿਆ। ਅਕਾਲੀ ਦਲ ਤੋਂ ਦੂਰ ਹੋਇਆ ਪੰਜਾਬ ਦਾ ਪੰਥਕ ਵੋਟ ਬੈਂਕ ਹੁਣ ਤੱਕ ਵਾਪਸ ਨਹੀਂ ਆਇਆ ਹੈ, ਜਿਸ ਕਾਰਣ ਭਾਜਪਾ ਹਾਈਕਮਾਨ ਚਿੰਤਤ ਹੈ।

ਇਸ ਸਥਿਤੀ ਨੂੰ ਭਾਂਪਦੇ ਹੋਏ ਹੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ। ਇਹ ਗੱਲ ਵੱਖਰੀ ਹੈ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਉਸ ਦੇ ਆਪਣੇ ਮੰਤਰੀ ਅਤੇ ਵਿਧਾਇਕ ਹੀ ਖੁਸ਼ ਨਹੀਂ ਹਨ। ਸਿਆਸੀ ਗਲਿਆਰਿਆਂ ਵਿਚ ਇਹੀ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਨਹੀਂ ਬਲਕਿ ਬਿਊਰੋਕ੍ਰੇਸੀ ਦੀ ਸਰਕਾਰ ਹੈ। ਕਿਸੇ ਵੀ ਮੰਤਰੀ ਜਾਂ ਵਿਧਾਇਕ ਦੇ ਕਹਿਣ 'ਤੇ ਕਿਸੇ ਵੀ ਅਧਿਕਾਰੀ ਦੀ ਪੋਸਟਿੰਗ ਨਹੀਂ ਹੁੰਦੀ। ਸਰਕਾਰ ਦੇ ਮੰਤਰੀ ਅਤੇ ਵਿਧਾਇਕ ਨਾ ਤਾਂ ਕਿਸੇ ਆਈ. ਏ. ਐੱਸ., ਆਈ. ਪੀ. ਐੱਸ. ਅਤੇ ਪੀ. ਸੀ. ਐੱਸ. ਨੂੰ ਕਿਸੇ ਅਹੁਦੇ 'ਤੇ ਲਵਾ ਸਕਦੇ ਹਨ ਨਾ ਹੀ ਉਸ ਨੂੰ ਹਟਵਾ ਸਕਦੇ ਹਨ, ਜਿਸ ਕਾਰਣ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਅਜਿਹੇ ਹਾਲਾਤ ਵਿਚ ਪੰਜਾਬ ਕਾਂਗਰਸ ਵਿਚ ਵੱਡੀ ਬਗਾਵਤ ਦੇਖਣ ਨੂੰ ਮਿਲ ਸਕਦੀ ਹੈ। ਭਾਜਪਾ ਇਸ ਹਾਲਾਤ 'ਤੇ ਨਜ਼ਰਾਂ ਰੱਖੀ ਬੈਠੀ ਹੈ। ਮੌਜੂਦਾ ਸਿਆਸੀ ਹਾਲਾਤ ਵਿਚ ਭਾਜਪਾ ਨੂੰ 50 ਅਜਿਹੇ ਸਿੱਖ ਚਿਹਰਿਆਂ ਦੀ ਲੋੜ ਹੈ, ਜਿਨ੍ਹਾਂ ਦੀ ਆਪਣੇ ਵਿਧਾਨ ਸਭਾ ਹਲਕਿਆਂ ਵਿਚ ਪੈਠ ਹੈ। ਇਹ ਚਿਹਰੇ ਮਿਲਣ ਤੋਂ ਬਾਅਦ ਭਾਜਪਾ ਆਪਣੇ ਅਗਲੇ ਕਦਮ ਦਾ ਐਲਾਨ ਕਰੇਗੀ।

Shyna

This news is Content Editor Shyna