ਪਠਾਨਕੋਟ ਦੇ DC ਵੱਲੋਂ ਨਾਜਾਇਜ਼ ਮਾਈਨਿੰਗ ’ਤੇ ਰੇਡ, ਮੌਕੇ ''ਤੇ ਮਚੀ ਹਫੜਾ-ਦਫੜੀ, ਮਸ਼ੀਨਾਂ ਲੈ ਕੇ ਭੱਜੇ JCB ਚਾਲਕ

12/28/2022 9:10:42 PM

ਪਠਾਨਕੋਟ (ਸ਼ਾਰਦਾ, ਆਦਿਤਿਆ) : ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਨੰਗਲ ਭੂਰ ਦੇ ਨਾਲ ਲੱਗਦੇ ਖੇਤਰਾਂ ’ਚੋਂ ਕਰੈਸ਼ਰ ਇੰਡਸਟਰੀਜ਼ ’ਤੇ ਅਚਨਚੇਤ ਰੇਡ ਕੀਤੀ। ਮੌਕੇ ’ਤੇ ਕਰੈਸ਼ਰ ਉਦਯੋਗਪਤੀਆਂ ਵੱਲੋਂ ਧੜੱਲੇ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਾਫਿਲਾ ਦੇਖ ਕੇ ਮਾਈਨਿੰਗ ਕਰ ਰਹੀਆਂ ਜੇ. ਸੀ. ਬੀ. ਮਸ਼ੀਨਾਂ ਚਾਲਕ ਲੈ ਕੇ ਭੱਜ ਨਿਕਲੇ, ਜਦਕਿ ਇਕ ਟਰੈਕਟਰ ਟਰਾਲੀ ਜੋ ਕਿ ਰੇਤ ਬੱਜਰੀ ਨਾਲ ਲੱਦੀ ਹੋਈ ਸੀ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲੈ ਲਈ।

ਇਹ ਵੀ ਪੜ੍ਹੋ : ਹਰਜੋਤ ਬੈਂਸ ਵੱਲੋਂ ਹੁਸ਼ਿਆਰਪੁਰ ਜੇਲ੍ਹ 'ਚ ਪੈਟਰੋਲ ਪੰਪ ਲੋਕ ਅਰਪਣ, ਕੈਦੀਆਂ ਦੇ ਮੁੜ-ਵਸੇਬੇ ਨੂੰ ਲੈ ਕੇ ਕਹੀ ਇਹ ਗੱਲ

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਪਿਛਲੇ ਕੁਝ ਦਿਨਾਂ ਤੋਂ ਇਨਪੁਟਸ ਮਿਲ ਰਹੀਆਂ ਸਨ ਕਿ ਨੰਗਲ ਭੂਰ ਦੇ ਨਾਲ ਲੱਗਦੇ ਖੇਤਰ ’ਚ ਮਾਈਨਿੰਗ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਵੱਲੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਜੋ ਕਿ ਪਠਾਨਕੋਟ ਦੇ ਨਾਲ ਲੱਗਦਾ ਹੈ, ਦੇ ਡਿਪਟੀ ਕਮਿਸ਼ਨਰ ਨਾਲ ਪਹਿਲਾਂ ਤੋਂ ਗੱਲਬਾਤ ਕਰਕੇ ਯੋਜਨਾ ਤਿਆਰ ਕੀਤੀ ਅਤੇ ਮੌਕੇ ’ਤੇ ਇੰਦੌਰਾ (ਹਿਮਾਚਲ ਪ੍ਰਦੇਸ਼) ਦੇ ਐੱਸ. ਡੀ. ਐੱਮ. ਵਿਨੇ ਮੌਦੀ ਵੀ ਮੋਜੂਦ ਸਨ। ਜਿਵੇਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਾਫਿਲਾ ਮੌਕੇ ’ਤੇ ਪਹੁੰਚਿਆਂ ਤਾਂ ਮਾਈਨਿੰਗ ਦਿਨ ਦੇ ਸਮੇਂ ਹੀ ਚੱਲ ਰਹੀ ਸੀ। ਸਰਕਾਰੀ ਗੱਡੀਆਂ ਨੂੰ ਦੇਖ ਕੇ ਜੇ. ਸੀ. ਬੀ. ਮਸ਼ੀਨ ਚਾਲਕ ਮਸ਼ੀਨਾਂ ਲੈ ਕੇ ਭੱਜ ਨਿਕਲੇ।

ਇਸ ਮੌਕੇ ਜਾਣਕਾਰੀ ਦਿੰਦਿਆਂ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਜਾਣਕਾਰੀ ਮਿਲੀ ਸੀ ਪਰ ਜਦੋਂ ਵੀ ਕਾਰਵਾਈ ਕੀਤੀ ਜਾਂਦੀ ਸੀ ਤਾਂ ਮਾਈਨਿੰਗ ਕਰ ਰਹੇ ਲੋਕ ਇਹ ਕਹਿ ਕੇ ਪੱਲਾ ਝਾੜ ਲੈਂਦੇ ਸਨ ਕਿ ਇਹ ਖੇਤਰ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਇਸ ਵਾਰ ਰੇਡ ਕਰਨ ਤੋਂ ਪਹਿਲਾਂ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਨਾਲ ਲਿਆ ਗਿਆ ਅਤੇ ਨੰਗਲ ਭੂਰ ਦੇ ਨਾਲ ਲੱਗਦੇ ਪਿੰਡ ਬੇਲੀ ਚਾਂਗਾਂ ਵਿਖੇ ਰੇਡ ਕੀਤੀ ਗਈ। ਇਸ ਦੇ ਨਾਲ ਹੀ ਹਿਮਾਚਲ ਦਾ ਖੇਤਰ ਛੰਨੀ ਵੀ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਿਨ ਦੇ ਸਮੇਂ ਹੀ ਬਿਨਾਂ ਕਿਸੇ ਖੌਫ ਦੇ ਮਾਈਨਿੰਗ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਪਾਇਆ ਗਿਆ। ਸੂਚਨਾ ਮਿਲਦਿਆਂ ਹੀ ਹਫੜਾ-ਦਫੜੀ ਵਿਚ ਮਾਈਨਿੰਗ ਕਰ ਰਹੇ ਲੋਕ ਮੌਕੇ ਤੋਂ ਭੱਜ ਨਿਕਲੇ। ਅਧਿਕਾਰੀਆਂ ਵੱਲੋਂ ਮੌਕੇ ’ਤੇ ਇਕ ਟਰੈਕਟਰ ਟਰਾਲੀ ਜੋ ਕਿ ਰੇਤ ਬੱਜਰੀ ਨਾਲ ਲੱਦੀ ਹੋਈ ਸੀ, ਜ਼ਬਤ ਕਰ ਕੇ ਪੁਲਸ ਨੂੰ ਸੌਂਪ ਦਿੱਤੀ।

Mandeep Singh

This news is Content Editor Mandeep Singh