ਫੌਜੀ ਖੇਤਰ ''ਚ ਦਾਖਲ ਹੋਣ ਵਾਲਾ ਅਸਮ ਵਾਸੀ ਕਾਬੂ

11/24/2018 11:00:24 AM

ਪਠਾਨਕੋਟ (ਜ. ਬ.) : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ ਨੰਗਲਭੂਰ ਕੋਲੋਂ ਤਲਵਾੜਾ ਜੱਟਾਂ ਦੀ ਆਰਮੀ ਯੂਨੀਟ ਦੀ ਵਰਕਸ਼ਾਪ 'ਚ ਦਾਖਲ ਹੋਣ ਦੇ ਦੋਸ਼ 'ਚ ਥਾਣਾ ਨੰਗਲਭੂਰ ਦੀ ਪੁਲਸ  ਨੇ ਅਸਮ ਵਾਸੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮ ਦੀ ਪਛਾਣ ਗੋਵਿੰਦ ਦਾਸ ਪੁੱਤਰ ਪਾਂਡਾਲ ਦਾਸ ਵਾਸੀ ਜ਼ਿਲਾ ਨਾਲਬਾੜੀ (ਅਸਮ) ਵਜੋਂ ਹੋਈ ਹੈ। ਦਰਅਸਲ ਨੌਜਵਾਨ ਨੇ  ਅੱਜ ਸਵੇਰੇ ਤੜਕ ਸਾਰ 3.10 ਵਜੇ ਤਲਵਾੜਾ ਜੱਟਾਂ  ਕੋਲ 9, ਕਾਪਰਸ ਜ਼ੋਨਲ ਵਰਕਸ਼ਾਪ  (ਮੀਡੀਅਮ ਰਿਪੇਅਰ) 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਫੌਜ ਦੀ ਫੈਂਸਿੰਗ ਪਾਰ ਕਰਨ ਦੀ ਤਿਆਰੀ 'ਚ ਸੀ ਕਿ ਯੂਨੀਟ ਦੇ ਨਾਈਟ ਗਾਰਡਸ ਨੇ ਉਸ ਨੂੰ ਫੜ ਲਿਆ। ਮੁਲਜ਼ਮ ਤੋਂ  ਯੂਨੀਟ ਅਤੇ ਫਿਰ ਥਾਣਾ ਨੰਗਲਭੂਰ 'ਚ ਪੁੱਛਗਿੱਛ ਕੀਤੀ ਗਈ। ਉਸ ਤੋਂ ਬਾਦਅ ਨੌਜਵਾਨ ਖਿਲਾਫ ਸੀ.  ਆਰ. ਪੀ. ਸੀ. ਦੀ ਧਾਰਾ 109 ਤਹਿਤ ਮਾਮਲਾ ਦਰਜ ਕੀਤਾ  ਗਿਆ ਹੈ।

ਉਥੇ ਐੱਸ. ਐੱਚ. ਓ.  ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦੇ  ਰਿਸ਼ਤੇਦਾਰ ਆਰਮੀ ਏਰੀਆ ਦੇ ਆਲੇ-ਦੁਆਲੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਦੇ ਚੱਕਰ  'ਚ ਉਹ ਭਟਕ ਗਿਆ ਅਤੇ ਫੈਂਸਿੰਗ ਕੋਲ ਪਹੁੰਚ ਗਿਆ। ਫਿਲਹਾਲ ਨੌਜਵਾਨ  ਦੇ ਪਰਿਵਾਰ  ਵਾਲਿਆਂ ਨੂੰ ਵੀ ਬੁਲਾਇਆ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ।

Baljeet Kaur

This news is Content Editor Baljeet Kaur