ਪਠਾਨਕੋਟ ''ਚ ਏਡਜ਼ ਨਾਲ ਪੀੜਤ ਮਿਲੇ 48 ਮਰੀਜ਼

12/19/2019 9:03:10 PM

ਪਠਾਨਕੋਟ,(ਕੰਵਲ)- ਭਲੇ ਹੀ ਜਾਨਲੇਵਾ ਬੀਮਾਰੀ ਏਡਜ਼ ਤੋਂ ਬਚਣ ਲਈ ਸਿਹਤ ਵਿਭਾਗ ਅਤੇ ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਢਿੰਡੋਰਾ ਪਿੱਟ-ਪਿੱਟ ਕੇ ਥੱਕ ਗਈਆ ਹਨ ਅਤੇ ਵਾਰ-ਵਾਰ ਐੱਚ. ਆਈ. ਵੀ. ਦੀ ਜਾਂਚ ਤਕ ਕਰਵਾਉਣ ਲਈ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਕਰੋੜਾਂ ਰੁਪਇਆਂ ਫੂਕ ਚੁੱਕੀ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਨਲਾਇਕੀ ਅਤੇ ਲਾਪ੍ਰਵਾਹੀ ਦੀ ਦੇਸ਼ 'ਚ ਕੋਈ ਘਾਟ ਦਿਖਾਈ ਨਹੀਂ ਦਿੰਦੀ।

ਸਿਹਤ ਵਿਭਾਗ ਪਠਾਨਕੋਟ ਦੇ ਓ. ਟੀ. ਐੱਸ. ਸੈਂਟਰ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਜੋ ਨਸ਼ੇੜੀ ਓ. ਟੀ. ਐੱਸ. ਸੈਂਟਰ 'ਚ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ 'ਚ ਹੁਣ ਤੱਕ 48 ਮਰੀਜ਼ ਇਸ ਤਰ੍ਹਾਂ ਦੇ ਹਨ, ਜਿਹੜੇ ਐੱਚ. ਆਈ. ਵੀ. ਪਾਜ਼ੀਟਿਵ ਪਾਏ ਗਏ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਏਡਜ਼ ਦੀ ਬੀਮਾਰੀ ਇਕ ਹੀ ਸੂਈ ਨਾਲ ਟੀਕਾਂ ਲਾਉਣ ਦੀ ਵਜ੍ਹਾ ਨਾਲ ਹੋਈ ਹੈ, ਜਿਸ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦਾ ਮਤਲਬ ਪਠਾਨਕੋਟ 'ਚ ਏਡਜ਼ ਯੌਨ ਸਬੰੰਧਾਂ ਤੋਂ ਨਹੀ ਸਗੋਂ ਇਕ ਹੀ ਸੂਈ ਨਾਲ ਕਈ ਵਾਰ ਨਸ਼ਾ ਲੈਣ ਦੀ ਵਜ੍ਹਾ ਨਾਲ ਇਹ ਬੀਮਾਰੀ ਵਧਦੀ ਜਾ ਰਹੀ ਹੈ। ਕੇਵਲ 2019 'ਚ ਹੀ ਇਕ ਹੀ ਸੂਈ ਨਾਲ ਨਸ਼ਾ ਲੈਣ ਦੀ ਵਜ੍ਹਾ ਨਾਲ 37 ਲੋਕਾਂ ਨੂੰ ਏਡਜ਼ ਹੋਈ ਹੈ। ਪਠਾਨਕੋਟ 'ਚ ਅਮਲੀਆਂ ਦਾ ਇਲਾਜ ਜਿੱਥੇ ਕੀਤਾ ਜਾਂਦਾ ਹੈ, ਉਸ ਕੇਂਦਰ ਦਾ ਨਾਂ ਓ. ਟੀ. ਐੱਸ. ਕੇਂਦਰ ਹੈ ਅਤੇ ਇਹ ਕੇਂਦਰ ਸਿਵਲ ਹਸਪਤਾਲ ਦੇ ਅੰਦਰ ਹੀ ਬਣਿਆ ਹੋਇਆ ਹੈ। ਇਸ ਕੇਂਦਰ 'ਚ ਜ਼ਿਆਦਾਤਰ ਹੈਰੋਇਨ ਦਾ ਨਸ਼ਾ ਕਰਨ ਵਾਲੇ ਮਰੀਜ਼ ਆਪਣਾ ਇਲਾਜ ਕਰਵਾਉਣ ਆਉਦੇ ਹਨ ਅਤੇ ਰੋਜ਼ਾਨਾ ਇਨ੍ਹਾਂ ਦਾ ਇਲਾਜ ਇਸ ਕੇਂਦਰ 'ਚ ਹੁੰਦਾ ਹੈ। ਮਨੋਵਿਗਿਆਨਿਕ ਡਾ. ਸੋਨੀਆ ਮਿਸ਼ਰਾ ਦਾ ਕਹਿਣਾ ਹੈ ਕਿ ਇਸ ਵਿਸ਼ੇ ਵਿਚ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਇਕ ਹੀ ਸਰਿੰਜ ਦਾ ਇਸਤੇਮਾਲ ਕਰਨ ਵਾਲੇ ਏਡਜ਼ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।