''ਪਾਰਟੀਆਂ'' ਦੀ ਲਾਜ ਰੱਖਣ ਲਈ ਖੁਦ ਅਖਾੜੇ ''ਚ ਕੁੱਦੇ ''6 ਪ੍ਰਧਾਨ''

04/25/2019 4:44:51 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ ਹਨ। ਇਸ ਵਾਰ ਦੇ ਚੋਣ ਦੰਗਲ 'ਚ ਕਈ ਸਿਆਸੀ ਪਾਰਟੀਆਂ ਦੀ ਇੱਜ਼ਤ ਦਾਅ 'ਤੇ ਲੱਗੀ ਹੋਈ ਹੈ, ਜਿਸ ਕਾਰਨ ਆਪੋ-ਆਪਣੀਆਂ ਪਾਰਟੀਆਂ ਦੀ ਲਾਜ ਰੱਖਣ ਲਈ ਖੁਦ ਪ੍ਰਧਾਨਾਂ ਨੂੰ ਚੋਣ ਅਖਾੜੇ 'ਚ ਕੁੱਦਣਾ ਪਿਆ ਹੈ। ਇਸ ਲਈ ਜਿਹੜੇ ਪ੍ਰਧਾਨ ਆਪਣੇ ਉਮੀਦਵਾਰ ਦੇ ਪ੍ਰਚਾਰ ਦੀ ਕਮਾਨ ਸਾਂਭਦੇ ਸਨ, ਉਹ ਹੁਣ ਖੁਦ ਆਪਣੇ ਲਈ ਵੋਟਾਂ ਮੰਗਦੇ ਹੋਏ ਦਿਖਾਈ ਦੇਣਗੇ।
ਸੁਖਬੀਰ ਬਾਦਲ (ਪ੍ਰਧਾਨ, ਸ਼ਰੋਮਣੀ ਅਕਾਲੀ ਦਲ)
ਇਸ ਲੜੀ 'ਚ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਂ ਆਉਂਦਾ ਹੈ। ਸੁਖਬੀਰ ਫਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਰੇ ਹਨ। ਹਾਲਾਂਕਿ ਸੁਖਬੀਰ 2008 ਤੋਂ ਪਾਰਟੀ ਪ੍ਰਧਾਨ ਹਨ ਅਤੇ ਉਨ੍ਹਾਂ ਦੀ ਅਗਵਾਈ 'ਚ ਪਾਰਟੀ ਤੀਜੀ ਲੋਕ ਸਭਾ ਚੋਣ ਲੜ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਸੁਖਬੀਰ ਬਾਦਲ ਖੁਦ ਚੋਣ ਅਖਾੜੇ 'ਚ ਉਤਰੇ ਹਨ। ਹੁਣ ਜਦੋਂ ਸੁਖਬੀਰ ਖੁਦ ਚੋਣ ਮੈਦਾਨ 'ਚ ਹਨ ਤਾਂ ਉਹ ਆਪਣੀ ਧਰਮ ਪਤਨੀ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ 'ਚ ਸ਼ਾਮਲ ਨਹੀਂ ਹੋ ਸਕਣਗੇ, ਜਿਸ ਦਾ ਅਸਰ ਇਸ ਸੀਟ 'ਤੇ ਦਿਖਾਈ ਦੇ ਸਕਦਾ ਹੈ। ਹਾਲਾਂਕਿ ਹਰਸਿਮਰਤ ਦੇ ਚੋਣ ਪ੍ਰਚਾਰ ਦੀ ਕਮਾਨ ਉਨ੍ਹਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ਤੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਨੇ ਸੰਭਾਲੀ ਹੋਈ ਹੈ। 


ਸੁਨੀਲ ਜਾਖੜ (ਪ੍ਰਧਾਨ, ਕਾਂਗਰਸ)
ਕਾਂਗਰਸ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਮੈਦਾਨ ਵਿਚ ਹਨ। ਪਾਰਟੀ ਪ੍ਰਧਾਨ ਰਹਿੰਦੇ ਹੋਏ ਇਹ ਉਨ੍ਹਾਂ ਦੀ ਦੂਜੀ ਲੋਕ ਸਭਾ ਚੋਣ ਹੈ। ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਸੀਟ ਦੀਆਂ ਉਪ ਚੋਣਾਂ ਪਾਰਟੀ ਪ੍ਰਧਾਨ ਰਹਿੰਦੇ ਹੋਏ ਜਿੱਤ ਚੁੱਕੇ ਹਨ। ਪਰ ਇਸ ਵਾਰ ਜਾਖੜ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਫਿਲਮ ਸਟਾਰ ਸੰਨੀ ਦਿਓਲ ਨਾਲ ਹੈ। ਅਜਿਹੇ ਵਿਚ ਜਾਖੜ ਲਈ ਇਹ ਚੋਣ ਚੁਣੌਤੀਪੂਰਨ ਰਹਿਣ ਵਾਲੀ ਹੈ ਅਤੇ ਉਨ੍ਹਾਂ ਦਾ ਵੱਕਾਰ ਇਸ ਸੀਟ 'ਤੇ ਦਾਅ 'ਤੇ ਲੱਗਾ ਹੋਇਆ ਹੈ। 


ਸੁਖਪਾਲ ਖਹਿਰਾ (ਪ੍ਰਧਾਨ, ਪੰਜਾਬ ਏਕਤਾ ਪਾਰਟੀ)
ਇਸ ਲੜੀ ਵਿਚ ਤੀਜਾ ਨਾਂ ਸੁਖਪਾਲ ਖਹਿਰਾ ਦਾ ਆਉਂਦਾ ਹੈ। ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਵੱਲੋਂ ਚੋਣ ਮੈਦਾਨ ਵਿਚ ਹਨ। ਖਹਿਰਾ ਬਠਿੰਡਾ ਦੀ ਹੌਟ ਸੀਟ ਤੋਂ ਚੋਣ ਮੈਦਾਨ ਵਿਚ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ, ਕਾਂਗਰਸ ਤੋਂ ਰਾਜਾ ਵੜਿੰਗ ਤੇ ਆਪ ਤੋਂ ਬਲਜਿੰਦਰ ਕੌਰ ਨਾਲ ਹੈ। ਕੁਲ ਮਿਲਾ ਕੇ ਸਾਰੀਆਂ ਪਾਰਟੀਆਂ ਨੇ ਬਠਿੰਡਾ ਸੀਟ ਤੋਂ ਦਿੱਗਜ਼ਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਖਹਿਰਾ ਲਈ ਇਹ ਮੁਕਾਬਲਾ ਕਿਸੇ ਵੀ ਲਿਹਾਜ਼ ਨਾਲ ਸੌਖਾ ਨਹੀਂ ਰਹਿਣ ਵਾਲਾ। 


ਸਿਮਰਜੀਤ ਸਿੰਘ ਮਾਨ (ਪ੍ਰਧਾਨ, ਸ਼੍ਰੋਮਣੀ ਅਕਾਲੀ ਅੰਮ੍ਰਿਤਸਰ) 
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੀ ਸੰਗਰੂਰ ਤੋਂ ਚੋਣ ਮੈਦਾਨ ਵਿਚ ਹਨ। ਹਾਲਾਂਕਿ ਉਹ ਪਹਿਲਾਂ ਵੀ ਪ੍ਰਧਾਨ ਰਹਿੰਦੇ ਹੋਏ ਚੋਣ ਲੜ ਚੁੱਕੇ ਨੇ ਅਤੇ ਇਸ ਵਾਰ ਉਨ੍ਹਾਂ ਕੋਲ ਬੇਅਦਬੀਆਂ ਤੇ ਬਹਿਬਲਕਲਾਂ ਗੋਲੀਕਾਂਡ ਦਾ ਵੀ ਮੁੱਦਾ ਹੈ। ਜਿਨ੍ਹਾਂ ਰਾਹੀਂ ਉਹ ਸੰਗਰੂਰ ਤੋਂ ਸੰਸਦ ਦੀ ਪੌੜ੍ਹੀ ਚੜ੍ਹਨਾ ਚਾਹੁੰਦੇ ਹਨ ਪਰ ਇੱਥੇ ਉਨ੍ਹਾਂ ਦਾ ਮੁਕਾਬਲਾ 'ਆਪ' ਦੇ ਭਗਵੰਤ ਮਾਨ ਅਤੇ ਅਕਾਲੀ ਦਲ ਪਰਮਿੰਦਰ ਸਿੰਘ ਢੀਂਡਸਾ ਨਾਲ ਹੋਣ ਜਾ ਰਿਹਾ ਹੈ। 


ਭਗਵੰਤ ਮਾਨ (ਪ੍ਰਧਾਨ, 'ਆਪ') 
ਭਗਵੰਤ ਮਾਨ ਵੀ ਸੰਗਰੂਰ ਤੋਂ ਚੋਣ ਮੈਦਾਨ ਵਿਚ ਹਨ ਤੇ ਆਪ ਦੇ ਪ੍ਰਧਾਨ ਹਨ। ਬਤੌਰ ਪਾਰਟੀ ਪ੍ਰਧਾਨ ਉਹ ਪਹਿਲੀ ਵਾਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦਾ ਮੁਕਾਬਲਾ ਪੀਡੀਏ ਤੋਂ ਜੱਸੀ ਜਸਰਾਜ, ਅਕਾਲੀ ਦਲ ਤੋਂ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ ਨਾਲ ਹੈ। ਜਿਸ ਕਾਰਨ ਭਗਵੰਤ ਮਾਨ ਦਾ ਸਾਰਾ ਧਿਆਨ ਆਪਣੇ ਹਲਕੇ ਵਿਚ ਲੱਗਾ ਹੈ। 2014 ਦੀਆਂ ਚੋਣਾਂ ਵਿਚ ਭਗਵੰਤ ਮਾਨ 'ਆਪ' ਦੇ ਸਟਾਰ ਪ੍ਰਚਾਰਕ ਸਨ ਪਰ ਇਸ ਵਾਰ ਉਹ ਆਪਣੇ ਹਲਕੇ ਤੋਂ ਬਾਹਰ ਨਹੀਂ ਨਿਕਲ ਪਾ ਰਹੇ। 


ਸਿਮਰਜੀਤ ਸਿੰਘ ਬੈਂਸ (ਪ੍ਰਧਾਨ, ਲੋਕ ਇਨਸਾਫ ਪਾਰਟੀ)
ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹਨ। ਸਿਮਰਜੀਤ ਬੈਂਸ ਬਤੌਰ ਪ੍ਰਧਾਨ ਦੂਜੀ ਵਾਰ ਚੋਣ ਮੈਦਾਨ ਵਿਚ ਹਨ, ਉਹ ਵੀ ਲੁਧਿਆਣਾ ਤੋਂ। ਹਾਲਾਂਕਿ 2014 ਦੀ ਲੋਕ ਸਭਾ ਚੋਣ ਵਿਚ ਉਹ ਹਾਰ ਗਏ ਸਨ ਅਤੇ ਚੌਥੇ ਨੰਬਰ 'ਤੇ ਰਹੇ ਸਨ। ਇਸ ਵਾਰ ਵੀ ਉਨ੍ਹਾਂ ਦਾ ਮੁਕਾਬਲਾ ਲੁਧਿਆਣਾ ਤੋਂ ਰਵਨੀਤ ਬਿੱਟੂ ਨਾਲ ਹੋਵੇਗਾ। ਬਾਕੀ ਪਾਰਟੀਆਂ ਵੱਲੋਂ ਵੀ ਚੋਣ ਮੈਦਾਨ ਵਿਚ ਉਮੀਦਵਾਰ ਉਤਾਰ ਦਿੱਤੇ ਗਏ ਨੇ। ਅਜਿਹੇ ਵਿਚ ਬੈਂਸ ਨੂੰ ਵੀ ਆਪਣੀ ਸਾਖ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਵੇਗਾ। 


ਖੈਰ ਪਾਰਟੀ ਪ੍ਰਧਾਨ ਹੋਵੇ ਜਾਂ ਫਿਰ ਆਮ ਉਮੀਦਵਾਰ, ਲੋਕ ਸਭਾ ਦੀ ਇਕ-ਇਕ ਸੀਟ ਪ੍ਰਧਾਨ ਮੰਤਰੀ ਦੀ ਚੋਣ ਲਈ ਜ਼ਰੂਰੀ ਹੈ ਪਰ ਪ੍ਰਧਾਨਾਂ ਦੀ ਜਿੱਤ-ਹਾਰ ਚੋਣ ਨਤੀਜਿਆਂ ਦੇ ਗਣਿਤ ਨੂੰ ਬਦਲ ਸਕਦੀ ਹੈ।

Babita

This news is Content Editor Babita