ਬਾਜਵਾ ਨੇ ਗੰਨੇ ਦੇ ਮਸਲੇ ਨੂੰ ਲੈ ਕੇ ''ਕੈਪਟਨ'' ''ਤੇ ਕੱਢੀ ਭੜਾਸ, ''ਹਰਿਆਣਾ ਤੋਂ ਪਿੱਛੇ ਕਿਉਂ ਹੈ ਪੰਜਾਬ''

11/14/2017 2:42:25 PM

ਚੰਡੀਗੜ੍ਹ : ਰਾਜ ਸਭਾ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੰਨੇ ਦੇ ਮਸਲੇ 'ਤੇ ਘੇਰਦਿਆਂ ਖੂਬ ਭੜਾਸ ਕੱਢੀ। ਉਨ੍ਹਾਂ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਹਰਿਆਣਾ 'ਚ ਗੰਨੇ ਦੀ ਸਟੇਟ ਐਡਵਾਈਜ਼ਰੀ ਕੀਮਤ 330 ਰੁਪਏ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਹ 300 ਰੁਪਏ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਸਟੇਟ ਐਡਵਾਈਜ਼ਰੀ ਕੀਮਤ 350 ਰੁਪਏ ਕੀਤੀ ਜਾਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਨੂੰ ਕਹਿੰਦੀਆਂ ਹਨ, ਜਦੋਂ ਕਿ ਦੂਜੇ ਪਾਸੇ ਜਦੋਂ ਇਨ੍ਹਾਂ ਫਸਲਾਂ ਦਾ ਕਿਸਾਨਾਂ ਨੂੰ ਉਚਿਤ ਮੁੱਲ ਹੀ ਨਹੀਂ ਮਿਲੇਗਾ ਤਾਂ ਉਹ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕਿਉਂ ਨਿਕਲਣਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਪੰਜਾਬ 'ਚ ਗੰਨੇ ਦੀ ਕੀਮਤ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖੰਡ ਦੀ ਕੀਮਤ ਇਸ ਸਮੇਂ 4100 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ਅਤੇ ਸੂਬੇ ਦੀ 70 ਫੀਸਦੀ ਗੰਨੇ ਦੀ ਕ੍ਰਸ਼ਿੰਗ ਪ੍ਰਾਈਵੇਟ ਮਿੱਲਾਂ ਕਰਦੀਆਂ ਹਨ।