ਇਰਾਕ ''ਚ ਫਸੇ ਭਾਰਤੀਆਂ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਨਹੀਂ ਕੇਂਦਰ ਸਰਕਾਰ : ਬਾਜਵਾ

10/24/2017 5:47:33 AM

ਗੁਰਦਾਸਪੁਰ(ਹਰਮਨਪ੍ਰੀਤ ਸਿੰਘ)-ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਇਰਾਕ 'ਚ ਫਸੇ 39 ਭਾਰਤੀਆਂ ਨੂੰ ਬਚਾਉਣ ਸਬੰਧੀ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ 'ਚ 2 ਵਾਰ ਇਹ ਮੁੱਦਾ ਉਠਾ ਚੁੱਕੇ ਹਨ ਤਾਂ ਜੋ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਰਾਹਤ ਮਿਲ ਸਕੇ ਪਰ ਕੇਂਦਰ ਸਰਕਾਰ ਨੇ ਸਮੇਂ ਸਿਰ ਢੁੱਕਵੇਂ ਕਦਮ ਨਹੀਂ ਉਠਾਏ। ਹੁਣ ਇਨ੍ਹਾਂ ਪਰਿਵਾਰਾਂ ਦੇ ਡੀ. ਐੱਨ. ਏ. ਟੈਸਟ ਕਰਵਾਉਣ ਦੀ ਕਾਰਵਾਈ ਤੋਂ ਵੀ ਇਹ ਮਹਿਸੂਸ ਹੋ ਰਿਹਾ ਹੈ ਕਿ ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ ਕਾਰਨ ਵਿਰੋਧੀ ਧਿਰ ਦੇ ਨਿਸ਼ਾਨੇ ਤੋਂ ਬਚਣ ਲਈ ਮੋਦੀ ਸਰਕਾਰ ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ ਪਰ ਇਸ ਮਾਮਲੇ 'ਚ ਸਿਆਸਤ ਕਰਨ ਦੀ ਬਜਾਏ ਉਹ ਆਸ ਕਰਦੇ ਹਨ ਕਿ ਪੀੜਤਾਂ ਨੂੰ ਜਲਦੀ ਤੋਂ ਜਲਦੀ ਰਾਹਤ ਮਿਲੇ। ਪੰਜਾਬ ਸਬੰਧੀ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ 6 ਮਹੀਨਿਆਂ 'ਚ ਹੀ ਕਾਂਗਰਸ ਸਰਕਾਰ ਤੇ ਅਕਾਲੀ-ਭਾਜਪਾ ਸਰਕਾਰ ਵਿਚਲਾ ਫ਼ਰਕ ਪ੍ਰਤੱਖ ਦੇਖ ਲਿਆ ਹੈ। ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨ ਸਬੰਧੀ ਅਕਾਲੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਬੰਧੀ ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਤਾਂ 2-2 ਲੱਖ ਰੁਪਏ ਕਰਜ਼ਾ ਮੁਆਫ਼ ਕਰ ਕੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਸਾਰਥਿਕ ਉਪਰਾਲਿਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਇਹ ਗੱਠਜੋੜ ਤਾਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੁਝ ਵੀ ਨਹੀਂ ਕਰ ਸਕਿਆ। ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਕਾਂਗਰਸ 'ਤੇ ਭਰੋਸਾ ਕਰਕੇ ਸੂਬੇ ਦੀ ਵਾਗਡੋਰ ਸੌਂਪੀ ਹੈ ਤਾਂ ਕੈਪਟਨ ਸਰਕਾਰ ਹਰੇਕ ਵਰਗ ਦੀ ਖ਼ੁਸ਼ਹਾਲੀ ਲਈ ਸਫਲ ਉਪਰਾਲਾ ਕਰੇਗੀ।