ਪ੍ਰਤਾਪ ਬਾਜਵਾ ਨੇ ‘ਆਪ’ ਦੇ ਉਮੀਦਵਾਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

01/24/2022 1:15:34 AM

ਜਲੰਧਰ (ਰਮਨਦੀਪ ਸੋਢੀ)-ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਉਮੀਦਵਾਰ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ’ਤੇ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ, ਉਨ੍ਹਾਂ ਨੂੰ ‘ਆਪ’ ਨੇ ਆਪਣਾ ਉਮੀਦਵਾਰ ਬਣਾ ਲਿਆ। ਉਨ੍ਹਾਂ ਕਿਹਾ ਕਿ ਤਕਰੀਬਨ 42 ਆਗੂ ਜਿਹੜੇ ਕਾਂਗਰਸ ਦੇ ਸਨ, ਨੂੰ ਆਪ’ ਨੇ ਟਿਕਟਾਂ ਦਿੱਤੀਆਂ ਹਨ। 15-20 ਉਮੀਦਵਾਰ ਅਕਾਲੀ ਦਲ ਦੇ ਸਨ, ਜਦਕਿ ‘ਆਪ’ ਕੋਲ ਆਪਣਾ ਕੋਈ ਓਰਿਜਨਲ ਬੰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਲੋਕਾਂ ’ਚ ਬਹੁਤ ਜ਼ਿਆਦਾ ਹੁੰਗਾਰਾ ਨਜ਼ਰ ਆਉਂਦਾ ਸੀ ਤੇ ਸਮੁੱਚੇ ਭਾਰਤ ਤੇ ਪੰਜਾਬ ਦਾ ਮੀਡੀਆ 100 ਸੀਟਾਂ ਦੇ ਰਿਹਾ ਸੀ ਪਰ ਸਿਰਫ 20 ਹੀ ਆਈਆਂ । ਬਾਜਵਾ ਨੇ ਕਿਹਾ ਕਿ ਹੁਣ ਇਸ ਨੂੰ 50 ਸੀਟਾਂ ਮਿਲਣ ਦੀ ਗੱਲ ਹੋ ਰਹੀ ਤੇ ਸਿਰਫ 10-15 ਸੀਟਾਂ ਹੀ ਮਿਲਣਗੀਆਂ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੇ ਕੈਪਟਨ ’ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਨਾਲ ਜਾ ਕੇ ਹੋਇਆ ‘ਸਟੈਂਡਲੈੱਸ’ (ਵੀਡੀਓ)

ਉਨ੍ਹਾਂ ਕਿਹਾ ਕਿ ਜਿਹੜੇ ਕਾਲੇ ਕਾਨੂੰਨਾਂ ਦੀ ਸਾਰੇ ਲੜਾਈ ਲੜ ਰਹੇ ਸੀ, ਉਹੀ ਕਾਨੂੰਨ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ’ਚੋਂ ਦਿੱਲੀ ’ਚ ਲਾਗੂ ਕਰਵਾ ਦਿੱਤੇ ਸਨ। ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਬਿਕਰਮ ਮਜੀਠੀਆ ’ਤੇ ਗੰਭੀਰ ਦੋਸ਼ ਲਾ ਕੇ ਤਿੰਨ ਮਹੀਨਿਆਂ ’ਚ ਹੀ ਉਨ੍ਹਾਂ ਤੋਂ ਮੁਆਫੀ ਵੀ ਮੰਗ ਲਈ। ਤੁਸੀਂ ਮਜੀਠੀਆ ’ਤੇ ਲਾਏ ਦੋਸ਼ਾਂ ’ਤੇ ਤਿੰਨ ਮਹੀਨੇ ਵੀ ਨਹੀਂ ਕੱਢੇ ਤੇ ਉਸ ਕੋਲੋਂ ਸ਼ਰੇਆਮ ਮੁਆਫ਼ੀ ਮੰਗ ਲਈ। ਉਨ੍ਹਾਂ ਕਿਹਾ ਕਿ ਇਕ ਨੇਤਾ ਦੇ ਤੌਰ ’ਤੇ ਤੁਹਾਡਾ ਕੀ ਸਟੈਂਡ ਹੈ। ਤੁਹਾਡੇ ’ਤੇ ਕਿਸ ਤਰ੍ਹਾਂ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ 20 ਵਿਧਾਇਕ ਬਣੇ ਸਨ ਤੇ ਉਨ੍ਹਾਂ ’ਚੋਂ 12 ਵਿਧਾਇਕ ਕਾਂਗਰਸ ’ਚ ਸ਼ਾਮਲ ਹੋ ਗਏ ਤੇ ਇਨ੍ਹਾਂ ਕੋਲ 8 ਵਿਧਾਇਕ ਹੀ ਰਹਿ ਗਏ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦਾ ਐੱਮ. ਐੱਲ. ਏ. 5 ਸਾਲ ਪਾਰਟੀ ’ਚ ਨਹੀਂ ਕੱਢ ਸਕਦਾ, ਉਸ ’ਤੇ ਪੰਜਾਬ ਕਿਵੇਂ ਭਰੋਸਾ ਕਰੇਗਾ।

ਇਹ ਵੀ ਪੜ੍ਹੋ : ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ 8 ਹੋਰ ਉਮੀਦਵਾਰ ਐਲਾਨੇ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਦੀਆਂ ’ਚ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਮੈਨੂੰ ਅਕਾਲੀ ਦਲ ਤੇ ‘ਆਪ’ ਦੋਵਾਂ ਦੇ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲੇ ਨੰਬਰ ’ਤੇ ਕਾਂਗਰਸ, ਦੂਜੇ ’ਤੇ ਅਕਾਲੀ ਦਲ ਤੇ ਤੀਜੇ ’ਤੇ ‘ਆਪ’ ਤੇ ਚੌਥੇ ’ਤੇ ਭਾਜਪਾ ਦਾ ਗੱਠਜੋੜ ਰਹੇਗਾ। ‘ਆਪ’ ਦੇ ਮੁੱਖ ਮੰਤਰੀ ਚਿਹਰੇ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਖੁਸ਼ੀ ਨਾਲ ਉਮੀਦਵਾਰ ਨਹੀਂ, ਸਿਰਫ ਮਜਬੂਰੀਵੱਸ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਈ ਚਾਰਾ ਨਹੀਂ ਲੱਭਿਆ ਤਾਂ ਮਾਨ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ ਤੇ ਮੈਂ ਉਨ੍ਹਾਂ ਦੀ ਬਹੁਤ ਕਦਰ ਕਰਦਾ ਹਾਂ। ਮੈਂ ਤਾਂ ਕਹਿੰਦਾ ਕਿ ਉਨ੍ਹਾਂ ਨੂੰ ਮਾਨ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਦੇਣਾ ਚਾਹੀਦਾ ਸੀ ਕਿਉਂਕਿ ਉਹ ‘ਆਪ’ ਦਾ ਚਿਹਰਾ ਹਨ।

Manoj

This news is Content Editor Manoj