ਪਰਨੀਤ ਕੌਰ ਨੇ ਜੁਮਲੇਬਾਜ਼ੀ ''ਚ ਮੋਦੀ ਨੂੰ ਵੀ ਪਛਾੜਿਆ : ਡਾ. ਗਾਂਧੀ

05/02/2019 12:12:42 PM

ਚੰਡੀਗੜ੍ਹ (ਰਮਨਜੀਤ) : ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਰਨੀਤ ਕੌਰ ਆਏ ਦਿਨ ਕੋਈ ਨਾ ਕੋਈ ਝੂਠ ਬੋਲ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਨੀਤ ਕੌਰ ਜੁਮਲਿਆਂ ਵਿਚ ਤਾਂ ਮੋਦੀ ਨੂੰ ਵੀ ਪਛਾੜ ਗਏ ਹਨ। ਡਾ. ਗਾਂਧੀ ਨੇ ਕਿਹਾ ਕਿ ਬੀਤੇ ਦਿਨੀਂ ਪਰਨੀਤ ਕੌਰ ਨੇ ਪਟਿਆਲਾ 'ਚ ਪਾਸਪੋਰਟ ਦਫ਼ਤਰ ਲਿਆਉਣ ਅਤੇ ਥਾਪਰ ਕਾਲਜ ਖੁੱਲ੍ਹਵਾਉਣ ਸੰਬੰਧੀ ਆਪਣੇ ਫੇਸਬੁਕ ਅਕਾਊਂਟ 'ਤੇ ਝੂਠਾ ਦਾਅਵਾ ਕੀਤਾ ਸੀ, ਜਿਸ ਨੂੰ ਝੂਠ ਕਰਾਰ ਦਿੰਦਿਆਂ ਮੈਂ ਮੀਡੀਆ ਲਈ ਸਬੂਤ ਵੀ ਨਸ਼ਰ ਕੀਤੇ ਸਨ। ਡਾ. ਗਾਂਧੀ ਨੇ ਕਿਹਾ ਕਿ ਹੱਦ ਤਾਂ ਹੁਣ ਉਸ ਵੇਲੇ ਹੋ ਗਈ, ਜਦੋਂ ਪਰਨੀਤ ਕੌਰ ਨੇ ਆਪਣੇ ਫੇਸਬੁਕ ਪੇਜ਼ 'ਤੇ 'ਵਿਕਾਸ ਦੇ 15 ਸਾਲ' ਨਾਅਰੇ ਹੇਠ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ) ਪਟਿਆਲਾ ਦੀ ਤਸਵੀਰ ਸਾਂਝੀ ਕਰਕੇ ਇਹ ਦਾਅਵਾ ਕੀਤਾ ਐਨ.ਆਈ.ਐਸ ਉਨ੍ਹਾਂ ਨੇ ਕਾਂਗਰਸ ਸਰਕਾਰ ਸਮੇਂ 250 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਸੀ, ਜਦਕਿ ਇਹ ਕੋਰਾ ਝੂਠ ਹੈ। ਡਾ. ਗਾਂਧੀ ਨੇ ਕਿਹਾ ਕਿ ਐਨ.ਆਈ.ਐਸ ਪਟਿਆਲਾ ਦੀ ਸਥਾਪਨਾ 7 ਮਈ 1961 ਨੂੰ ਹੋਈ ਅਤੇ ਪਰਨੀਤ ਕੌਰ ਦਾ ਜਨਮ 3 ਅਕਤੂਬਰ 1944 ਨੂੰ ਹੋਇਆ ਸੀ ਅਤੇ ਜਿਸ ਵੇਲੇ ਐਨ.ਆਈ.ਐਸ ਦੀ ਸਥਾਪਨਾ ਹੋਈ ਉਸ ਵੇਲੇ ਪਰਨੀਤ ਕੌਰ ਨਾਬਾਲਿਗ ਸਨ। ਡਾ. ਗਾਂਧੀ ਨੇ ਕਿਹਾ ਮੁੱਖ ਮੰਤਰੀ ਦੀ ਪਤਨੀ ਅਤੇ ਲਗਾਤਾਰ 15 ਸਾਲ ਐਮ.ਪੀ. ਰਹੇ ਪਰਨੀਤ ਕੌਰ ਅਜਿਹੇ ਝੂਠੇ ਅਤੇ ਹਾਸੋਹੀਣੇ ਬਿਆਨ ਇਹ ਪ੍ਰਮਾਣ ਦਿੰਦੇ ਹਨ ਕਿ ਉਨ੍ਹਾਂ ਨੂੰ ਸਿਆਸਤ ਬਾਰੇ ਉਕਾ ਵੀ ਸਮਝ ਨਹੀਂ।

Babita

This news is Content Editor Babita