ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

07/03/2018 6:12:36 AM

ਬਾਘਾਪੁਰਾਣਾ, (ਚਟਾਨੀ)- ਸਥਾਨਕ ਸ਼ਹਿਰ ’ਚ  ਪਾਰਕਿੰਗ  ਦੀ  ਸਹੂਲਤ  ਨਾ  ਹੋਣ  ਕਾਰਨ ਲੋਕਾਂ ਨੂੰ  ਆਪਣੇ ਵਾਹਨ ਸਡ਼ਕਾਂ  ਕਿਨਾਰੇ ਹੀ ਖਡ਼੍ਹੇ  ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਖਰੀਦੋ-ਫਰੋਖਤ ਲਈ ਸ਼ਹਿਰ ਵਿਚ ਆਪਣੇ ਪਰਿਵਾਰਾਂ ਸਮੇਤ ਆਉਂਦੇ ਲੋਕਾਂ ਨੂੰ ਆਪਣੇ ਵਾਹਨ ਭੀਡ਼ੇ ਬਾਜ਼ਾਰਾਂ ’ਚ ਖਡ਼੍ਹੇ ਕਰਨੇ ਪੈਂਦੇ ਹਨ। ਟ੍ਰੈਫਿਕ ਪੁਲਸ ਦੀ ਸਮੁੱਚੀ ਊਰਜਾ ਵਾਹਨਾਂ ਨੂੰ ਸਡ਼ਕਾਂ ਤੋਂ ਪਾਸੇ ਕਰਵਾਉਣ ’ਤੇ ਹੀ ਨਸ਼ਟ ਹੋ ਜਾਂਦੀ ਹੈ ਅਤੇ ਕਈ ਵਾਰ ਵਾਹਨਾਂ ਦੇ ਚਾਲਕਾਂ ਨਾਲ ਬਹਿਸਬਾਜ਼ੀ ਵੀ ਲਡ਼ਾਈ-ਝਗਡ਼ੇ ਤੱਕ ਪੁੱਜ ਜਾਂਦੀ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੇਠ ਵਾਹਨਾਂ ਦੇ ਕਈ ਵਾਰ ਚਲਾਨ ਵੀ ਕੱਟਣੇ ਪੈਂਦੇ ਹਨ, ਜਿਸ ਦਾ ਖਮਿਆਜ਼ਾ ਵੀ ਜੁਰਮਾਨਾ ਅਦਾ ਕਰ ਕੇ ਵਾਹਨ ਚਾਲਕਾਂ ਨੂੰ ਭੁਗਤਣਾ ਪੈਂਦਾ ਹੈ। ਅਜਿਹੀ ਪੇਚੀਦਾ ਸਮੱਸਿਆ ਤੋਂ ਜਿਥੇ ਪਿੰਡਾਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ, ਉਥੇ ਸ਼ਹਿਰ ਵਾਸੀ ਵੀ ਪਿਛਲੇ ਇਕ ਅਰਸੇ ਤੋਂ ਪ੍ਰੇਸ਼ਾਨੀਆਂ ਨਾਲ ਦੋ ਹੱਥ ਕਰਦੇ ਆ ਰਹੇ ਹਨ। ਭਾਵੇਂ ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਸ਼ਹਿਰ ’ਚ ਵਾਹਨਾਂ ਦੀ ਪਾਰਕਿੰਗ ਲਈ ਜਗ੍ਹਾ ਦੇ ਪ੍ਰਬੰਧ ਦੀ ਮੰਗ ਲੰਮੇ ਸਮੇਂ ਤੋਂ ਉਠਾਈ ਜਾ ਰਹੀ ਹੈ ਪਰ ਨਗਰ ਕੌਂਸਲ ਅਤੇ ਸਿਵਲ ਪ੍ਰਸ਼ਾਸਨ ਇਸ ਸਬੰਧੀ ਢੁੱਕਵੀਂ ਜਗ੍ਹਾ ਦਾ ਪ੍ਰਬੰਧ ਨਾ ਹੋਣ ਦਾ ਬਹਾਨਾ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਆ ਰਹੇ ਸਨ ਪਰ ਹੁਣ ਸ਼ਹਿਰ ਦੇ ਬਿਲਕੁੱਲ ਵਿਚਕਾਰ ਪਏ ਛੱਪਡ਼ਾਂ ਦੀ ਜਗ੍ਹਾ ਕੌਂਸਲ ਦੇ ਹੱਕ ਵਿਚ ਹੋ ਗਈ ਹੋਣ ਕਰ ਕੇ ਲੋਕਾਂ ਨੇ ਆਪਣੀ ਚਿਰੋਕਣੀ ਮੰਗ ਦੀ ਪੂਰਤੀ ਲਈ ਆਪਣਾ ਪੱਖ ਰੱਖਿਆ ਹੈ।
 ਓਧਰ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਦਰਸ਼ਨ ਸਿੰਘ ਬਰਾਡ਼ ਨੇ ਅਨੇਕਾਂ ਵਾਰ ਅਖਬਾਰੀ ਬਿਆਨ ਦਿੱਤੇ ਹਨ ਕਿ ਇਸ ਛੱਪਡ਼ ਵਿਚ ਪਾਰਕ ਅਤੇ ਪਾਰਕਿੰਗ ਦਾ ਪ੍ਰਬੰਧ ਉਹ ਹਰ ਹੀਲੇ ਕਰਨਗੇ ਤਾਂ ਫਿਰ ਵਿਧਾਇਕ ਨੂੰ ਆਪਣਾ ਇਹ ਵਾਅਦਾ ਬਿਨਾਂ ਦੇਰੀ  ਤੋਂ ਪੂਰਾ ਕਰਨਾ ਚਾਹੀਦਾ ਹੈ।   ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ  ਦਿੱਤੀ ਕਿ ਜੇਕਰ ਕੌਂਸਲ ਦੀ ਜਗ੍ਹਾ ਨੂੰ ਪਾਰਕ, ਪਾਰਕਿੰਗ ਜਾਂ ਰੇਹਡ਼ੀ ਮਾਰਕੀਟ ਤੋਂ ਇਲਾਵਾ ਕਿਸੇ ਹੋਰ ਮਕਸਦ ਲਈ ਵਰਤਿਆ ਤਾਂ ਉੁਹ ਸੰਘਰਸ਼ ਕਰਨਗੇ।

ਕਾਰਜਸਾਧਕ ਅਫਸਰ ਦਾ ਪੱਖ
 ਇਸ ਸਬੰਧੀ ਕਾਰਜਸਾਧਕ ਅਫਸਰ ਰਜਿੰਦਰ ਕਾਲਡ਼ਾ ਨੇ ਦੱਸਿਆ ਕਿ ਜਗ੍ਹਾ ਦਾ ਪ੍ਰਬੰਧ ਤਾਂ ਕੌਂਸਲ ਕੋਲ ਹੈ ਪਰ ਪਾਰਕਿੰਗ ਵਾਸਤੇ ਲੋਡ਼ੀਂਦੇ ਫੰਡ ਅਜੇ ਉਪਲਬਧ ਨਹੀਂ ਹਨ, ਜਦ ਵੀ ਫੰਡਾਂ ਦਾ ਪ੍ਰਬੰਧ ਹੋਵੇਗਾ ਤਦ ਹੀ ਇਸ ਪਾਸੇ ਵੱਲ ਸੋਚਿਆ ਜਾ ਸਕਦਾ ਹੈ।