SAD ਅੱਜ ਕਰ ਸਕਦੈ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ

04/22/2019 10:39:33 PM

ਜਲੰਧਰ: ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਬਾਦਲ ਪਿੰਡ 'ਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਇਸ ਪ੍ਰੈਸ ਕਾਨਫਰੰਸ ਦੌਰਾਨ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਲੋਕਸਭਾ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। 

ਪੰਜਾਬ ਦੀ ਸਭ ਤੋਂ ਹੌਟ ਸੀਟ ਬਠਿੰਡਾ
ਪੰਜਾਬ ਦੀ ਸਭ ਤੋਂ ਹੌਟ ਸੀਟ ਬਠਿੰਡਾ 'ਤੇ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਰਸਮੀ ਐਲਾਨ ਹੋਣਾ ਬਾਕੀ ਹੈ ਪਰ ਇਸ ਵੇਲੇ ਕਿਸਾਨ, ਮਜ਼ਦੂਰ ਹਾੜੀ ਦੀ ਵਾਢੀ ਕਰਨ 'ਚ ਜੁਟੇ ਹੋਏ ਹਨ। ਇਨ੍ਹਾਂ ਚੋਣਾਂ 'ਚ ਪੇਂਡੂ ਖੇਤਰ ਦੇ ਵੋਟਰ ਵੀ ਕਾਫ਼ੀ ਅਹਿਮੀਅਤ ਰੱਖਦੇ ਹਨ। ਇਸ ਲਈ ਲੋਕ ਸਭਾ ਚੋਣਾਂ ਦੀ ਚਰਚਾ ਖੇਤਾਂ ਦੇ ਬੰਨੇ ਹੈ। ਜਿਉਂ ਹੀ ਪੇਂਡੂ ਖੇਤਰ ਦੇ ਕਿਸਾਨ ਅਤੇ ਮਜ਼ਦੂਰ ਹਾੜੀ ਦੀ ਵਾਢੀ ਤੋਂ ਮੁਕਤ ਹੋਣਗੇ, ਤਦ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਚੋਣ ਮੈਦਾਨ 'ਚ ਐਲਾਨ ਹੋ ਚੁੱਕਾ ਹੋਵੇਗਾ। ਇਹ ਚਰਚਾ ਚੋਣ ਮੈਦਾਨ 'ਚ ਭੱਖ ਜਾਵੇਗੀ। ਇਸ ਵੇਲੇ ਸਾਂਝੇ ਮੋਰਚੇ ਦੇ ਉਮੀਦਵਾਰ ਸੁਖਪਾਲ ਖਹਿਰਾ, ਆਪ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ, ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਮੈਦਾਨ 'ਚ ਹਨ। ਜੇਕਰ ਅਕਾਲੀ-ਭਾਜਪਾ ਗਠਜੋੜ ਨੇ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ 'ਚ ਉਤਾਰਿਆ ਤਾਂ ਵੋਟਰ ਮੰਨ ਰਹੇ ਹਨ ਕਿ ਇਸ ਸੀਟ 'ਤੇ ਮੁਕਾਬਲੇ ਦੀ ਟੱਕਰ ਹੋਵੇਗੀ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਸ ਸੀਟ 'ਤੇ ਕਿਸੇ ਇਕ ਨੂੰ ਭਾਰੂ ਨਹੀਂ ਮੰਨਿਆ ਜਾ ਸਕਦਾ। ਸਾਰੇ ਉਮੀਦਵਾਰ ਸਿਆਸੀ ਪਾਰਟੀਆਂ ਦੇ ਘਾਗ ਨੇਤਾ ਹਨ। ਇਸ ਲਈ ਕਿਸੇ ਉਮੀਦਵਾਰ ਲਈ ਜਿੱਤ ਦਾ ਰਾਹ ਸੌਖਾ ਨਹੀਂ। ਫਿਲਹਾਲ ਵੋਟਰਾਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦਾ ਰਸਮੀ ਐਲਾਨ ਦੀ ਉਡੀਕ ਬਾਕੀ ਹੈ।