ਭਾਜਪਾ ਨੇ ''ਬਾਦਲ'' ਕਿਉਂ ਰੱਖੇ ਚੋਣਾਂ ਤੋਂ ਦੂਰ!

12/06/2017 3:36:00 AM

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸੂਬੇ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਪਿਛਲੇ 40 ਸਾਲ ਤੋਂ ਗੂੜ੍ਹੀ ਸਿਆਸੀ ਸਾਂਝ ਚਲੀ ਆ ਰਹੀ ਹੈ। ਸ. ਬਾਦਲ 70 ਦੇ ਦਹਾਕੇ ਤੋਂ ਲੈ ਕੇ ਭਾਜਪਾ ਦੀ ਕੌਮੀ ਲੀਡਰਸ਼ਿਪ ਜਿਸ ਵਿਚ ਸਵ. ਮੁਰਾਰ ਜੀ ਦੇਸਾਈ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਅਰੁਣ ਜੇਤਲੀ, ਬਲਰਾਮ ਜੀ ਦਾਸ ਟੰਡਨ ਤੇ ਹੋਰ ਚੋਟੀ ਦੇ ਨੇਤਾ ਸ. ਬਾਦਲ ਨੂੰ ਸਿੱਖਾਂ ਦਾ ਸਿਰਮੌਰ ਨੇਤਾ ਮੰਨ ਕੇ ਅਤੇ ਪੁਰਾਣੇ ਗੱਠਜੋੜ ਕਾਰਨ ਹਰ ਚੋਣ ਵਿਚ ਵੱਡਾ ਮਾਣ ਤੇ ਸਨਮਾਨ ਦਿੰਦੇ ਸਨ ਪਰ ਜਦੋਂ ਦੀ ਦੇਸ਼ ਵਿਚ ਮੋਦੀ ਸਰਕਾਰ ਬਣੀ ਹੈ ਪਤਾ ਨਹੀਂ ਕਿਹੜੇ ਚੰਦਰੇ ਦੀ ਸਿਆਸੀ ਨਜ਼ਰ ਲੱਗ ਗਈ ਕਿ ਹੁਣ ਭਾਜਪਾ ਵਾਲੇ ਸ. ਬਾਦਲ ਨੂੰ ਸਿੱਖਾਂ ਦਾ ਸਿਰਮੌਰ ਨੇਤਾ ਮੰਨਣ ਤੋਂ ਕੰਨੀਂ ਕਤਰਾਉਣ ਲੱਗ ਪਏ ਹਨ, ਕਿਉਂਕਿ ਭਾਜਪਾ ਨੇ ਪਿਛਲੇ ਸਮੇਂ ਤੋਂ ਸ. ਬਾਦਲ ਨੂੰ ਤੰਦਰੁਸਤ ਹੁੰਦੇ ਹੋਏ ਵੀ ਨਾ ਉੱਤਰਾਖੰਡ ਚੋਣ ਵਿਚ ਤੇ ਨਾ ਹੁਣ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਤੇ ਨਾ ਹੀ ਹੁਣ ਇੱਜ਼ਤ ਦਾ ਸਵਾਲ ਬਣੀਆਂ ਗੁਜਰਾਤ ਚੋਣਾਂ 'ਚ ਜਿੱਥੇ ਸਿੱਖਾਂ ਦੀ ਵੀ ਕਾਫੀ ਆਬਾਦੀ ਹੈ, ਉਥੇ ਬੁਲਾਇਆ ਤੱਕ ਨਹੀਂ, ਜਦੋਂ ਕਿ ਉਨ੍ਹਾਂ ਦੇ ਬੇਟੇ ਹੱਥ ਪਾਰਟੀ ਦੀ ਕਮਾਨ ਵੀ ਹੈ।  ਬਾਦਲ ਨੂੰ ਨਾ ਬੁਲਾਉਣ ਦਾ ਕਾਰਨ ਤਾਂ ਭਾਜਪਾ ਹੀ ਦੱਸ ਸਕਦੀ ਹੈ ਕਿ ਪਰ ਸਿਆਸੀ ਹਲਕਿਆਂ 'ਚ ਇਹ ਚਰਚਾ ਚੱਲ ਰਹੀ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਸਿਆਸੀ ਦਿਮਾਗ ਵਿਚ ਤਿੰਨ-ਚਾਰ ਅਜਿਹੀਆਂ ਗੱਲਾਂ ਫਸ ਗਈਆਂ ਹਨ, ਜਿਸ ਨਾਲ ਭਾਜਪਾ ਨੇ ਅਕਾਲੀ ਦਲ ਤੋਂ ਦੂਰੀ ਬਣਾਉਣਾ ਸ਼ਾਇਦ ਅੰਮ੍ਰਿਤਸਰ ਵਿਚ ਜੇਤਲੀ ਦੀ ਸ਼ਰਮਨਾਕ ਹਾਰ ਹੋਣਾ, ਹਰਿਆਣੇ ਵਿਚ ਚੌਟਾਲਿਆਂ ਦੀ ਸਿੱਧੀ ਮਦਦ ਤੇ ਫੰਡਿੰਗ ਕਰਨਾ, ਤੀਜੀ ਗੱਲ ਜ਼ਿਮਨੀ ਚੋਣ ਗੁਰਦਾਸਪੁਰ ਵਿਚ ਸਾਬਕਾ ਅਕਾਲੀ ਵਜ਼ੀਰ ਦੀ ਅਸ਼ਲੀਲ ਫਿਲਮ ਨਾਲ ਖੂਬ ਬਦਨਾਮੀ ਹੋਣਾ ਅਤੇ ਚੌਥੀ ਨਸ਼ਿਆਂ ਦੇ ਮਾਮਲੇ ਵਿਚ ਕਥਿਤ ਤੌਰ 'ਤੇ ਬਦਨਾਮ ਹੋਣਾ ਮੰਨਿਆ ਜਾ ਰਿਹਾ ਹੈ। ਬਾਕੀ ਭਾਵੇਂ ਅਕਾਲੀ ਦਲ ਨਾਲ ਭਾਜਪਾ ਪੰਜਾਬ 'ਚ ਮਜਬੂਰੀ ਕਾਰਨ ਗੱਠਜੋੜ ਕਰ ਕੇ ਦਿਨ ਕੱਟੀ ਕਰ ਰਹੀ ਹੈ ਪਰ ਦਿੱਲੀ ਬੈਠੀ ਭਾਜਪਾ ਹੁਣ ਅਕਾਲੀ ਦਲ ਤੋਂ ਓਨਾ ਖੁਸ਼ ਤੇ ਮਿਹਰਬਾਨ ਦਿਖਾਈ ਨਹੀਂ ਦੇ ਰਹੀ, ਕਿਉਂਕਿ ਭਾਜਪਾ ਤਾਂ ਸ. ਬਾਦਲ ਅਤੇ ਉਸ ਦੇ ਪੁੱਤਰ ਨੂੰ ਆਪਣੀਆਂ ਸਾਰੀਆਂ ਚੋਣਾਂ ਤੋਂ ਦੂਰ ਰੱਖਣਾ ਹੀ ਸ਼ਾਇਦ ਬੇਹਤਰ ਸਮਝ ਰਹੀ ਹੈ।