ਬਾਦਲ ਭਲਕੇ ਸੈਸ਼ਨ ਜਾਣਗੇ ਜਾਂ ਲੈਣਗੇ ਛੁੱਟੀ!

11/26/2017 4:12:16 AM

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 27 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਸਰਦ ਰੁੱਤ ਦੇ ਸੈਸ਼ਨ 'ਚ ਜਾਣਗੇ ਜਾਂ ਫਿਰ ਆਪਣੀ ਢਿੱਲੀ ਸਿਹਤ ਕਾਰਨ ਛੁੱਟੀ ਲੈਣਗੇ। ਪਤਾ ਲੱਗਾ ਹੈ ਕਿ ਸ. ਬਾਦਲ ਪਿਛਲੇ ਦੋ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ ਤੇ ਅੱਜਕਲ ਚੰਡੀਗੜ੍ਹ 'ਚ ਡਟੇ ਹੋਏ ਹਨ ਪਰ ਉਨ੍ਹਾਂ ਦੇ ਭਲਕੇ ਹੋਣ ਵਾਲੇ ਸੈਸ਼ਨ 'ਚ ਜਾਣ ਬਾਰੇ ਅਜੇ ਤੱਕ ਕੋਈ ਖ਼ਬਰ ਨਹੀਂ। ਜੇਕਰ ਪਿਛਲੇ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਪੰਜ ਵਾਰ ਬਣੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਦੇ ਸੈਸ਼ਨਾਂ ਤੋਂ ਦੂਰ ਹੀ ਰਹੇ ਹਨ। ਇਸ ਦਾ ਕਾਰਨ ਸ਼ਾਇਦ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ, ਜਿਸ ਕਾਰਨ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦੀ ਕੁਰਸੀ ਵੀ ਨਹੀਂ ਮਿਲ ਸਕੀ। ਸ਼ਾਇਦ ਇਸੇ ਕਰਕੇ ਸ. ਬਾਦਲ ਸਾਰੇ ਵਿਧਾਇਕਾਂ ਦੇ ਸੰਹੁ ਚੁੱਕ ਸਮਾਗਮ 'ਚ ਸ਼ਾਮਲ ਹੋਣ ਦੀ ਬਜਾਏ ਇਕੱਲੇ ਸਪੀਕਰ ਦੀ ਗੈਲਰੀ 'ਚ ਸੰਹੁ ਚੁੱਕਣ ਲਈ ਪੁੱਜੇ ਸਨ। ਹੁਣ ਜਦੋਂ ਤੀਜੀ ਵਾਰ ਸਦਨ ਜੁੜਨ ਜਾ ਰਿਹਾ ਹੈ ਤਾਂ ਰਾਜਸੀ ਹਲਕਿਆਂ 'ਚ ਇਹ ਚਰਚਾ ਹੈ ਕਿ ਸ. ਬਾਦਲ ਸੈਸ਼ਨ 'ਚ ਜਾਣਗੇ ਪਰ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਛੁੱਟੀ ਲੈ ਸਕਦੇ ਹਨ ਕਿਉਂਕਿ ਸ. ਬਾਦਲ ਪਿਛਲੇ ਸਮੇਂ 'ਚ ਵੱਖ-ਵੱਖ ਸਮਾਗਮਾਂ 'ਚ ਜਾਣ ਤੋਂ ਪਾਸਾ ਵੱਟਦੇ ਆ ਰਹੇ ਹਨ। ਜਿਵੇਂ ਕਿ ਪੰਜਾਬ ਦੇ ਇਤਿਹਾਸਕ ਮੇਲੇ, ਗੁਰਦਾਸਪੁਰ ਦੀ ਚੋਣ, ਹਿਮਾਚਲ ਦੀ ਚੋਣ, ਰਾਸ਼ਟਰਪਤੀ ਦੀ ਪੰਜਾਬ 'ਚ ਆਮਦ ਆਦਿ ਸ਼ਾਮਲ ਹਨ।