ਕੋਲਿਆਂਵਾਲੀ ਦੇ ਪੁੱਤਰ ''ਤੇ ਹਮਲੇ ਪਿੱਛੇ ਹੈ ਕਾਂਗਰਸ : ਬਾਦਲ

10/24/2017 5:59:01 AM

ਬਠਿੰਡਾ(ਬਲਵਿੰਦਰ)-ਬਾਦਲ ਪਰਿਵਾਰ ਦੇ ਨੇੜਲੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ 'ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਹਮਲੇ ਪਿੱਛੇ ਕਾਂਗਰਸ ਹੈ, ਜਿਸ ਦੀ ਸੋਚ ਹੈ ਕਿ ਹਕੂਮਤ ਦੇ ਜ਼ੋਰ 'ਤੇ ਕਿਸੇ ਨੂੰ ਵੀ ਮਾਰ ਸਕਦੇ ਹਨ। ਉਹ ਮੈਕਸ ਹਸਪਤਾਲ ਬਠਿੰਡਾ ਵਿਖੇ ਜ਼ਖ਼ਮੀ ਪਰਮਿੰਦਰ ਸਿੰਘ ਦਾ ਹਾਲ ਜਾਣਨ ਲਈ ਪਹੁੰਚੇ ਸਨ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਸ਼ਰੇਆਮ ਧੱਕੇਸ਼ਾਹੀ 'ਤੇ ਉਤਰ ਆਈ ਹੈ, ਜਿਸ ਦੇ ਇਸ਼ਾਰੇ 'ਤੇ ਪੁਰਾਣੀ ਖੁੰਦਕ ਕਾਰਨ ਕੋਲਿਆਂਵਾਲੀ ਪਰਿਵਾਰ ਦੇ ਦੁਸ਼ਮਣਾਂ ਨੇ ਉਕਤ 'ਤੇ ਹਮਲਾ ਕੀਤਾ। ਸ. ਬਾਦਲ ਨੇ ਅੱਗੇ ਕਿਹਾ ਕਿ ਅਕਾਲੀ ਦਲ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲਵੇਗਾ ਪਰ ਇਨਸਾਫ ਲੈਣ ਤੋਂ ਪਿਛਾਂਹ ਨਹੀਂ ਹਟੇਗਾ। ਕਾਂਗਰਸ ਸਰਕਾਰ ਯਾਦ ਰੱਖੇ ਕਿ ਅਕਾਲੀ ਦਲ ਚੁੱਪ ਨਹੀਂ ਬੈਠੇਗਾ, ਉਸ ਨੂੰ ਇਨਸਾਫ ਲੈਣਾ ਆਉਂਦਾ ਹੈ। ਇਸ ਮੌਕੇ ਦਿਆਲ ਸਿੰਘ ਕੋਲਿਆਂਵਾਲੀ, ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਅਕਾਲੀ ਆਗੂ ਵੀ ਮੌਜੂਦ ਸਨ।