ਕੈਪਟਨ ਦੇ 100 ਦਿਨਾਂ ''ਚ ਹੀ ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਦੀ ਯਾਦ ਆਉਣ ਲੱਗੀ : ਸੁਰਜੀਤ ਰੱਖੜਾ

06/20/2017 12:54:47 AM

ਪਟਿਆਲਾ(ਇੰਦਰਪ੍ਰੀਤ)-ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਅਜੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਦੂਜਿਆਂ ਨੂੰ ਭ੍ਰਿਸ਼ਟ ਕਹਿਣ ਵਾਲੇ ਕਾਂਗਰਸੀ ਮੰਤਰੀ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ। ਇਸ ਦੇ ਨਾਲ ਹੀ ਨਸ਼ਾ ਅੱਜ ਵੀ ਪੰਜਾਬ ਵਿਚ ਥਾਂ-ਥਾਂ ਮਿਲ ਰਿਹਾ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਦੋ ਮਹੀਨਿਆਂ ਦੇ ਅੰਦਰ-ਅੰਦਰ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ ਜਿਨ੍ਹਾਂ ਵਿਚੋਂ ਹੁਣ ਤੱਕ ਇਕ ਵੀ ਪੂਰਾ ਨਹੀਂ ਹੋਇਆ। ਸ. ਰੱਖੜਾ ਨੇ ਕਿਹਾ ਕਿ ਜਦੋਂ ਤੋਂ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਉਨ੍ਹਾਂ ਪਹਿਲਾਂ ਵਾਂਗ ਹੀ ਆਮ ਲੋਕਾਂ ਤੋਂ ਦੂਰੀ ਬਣਾਈ ਹੋਈ ਹੈ। ਹੋਰ ਤਾਂ ਹੋਰ ਆਪਣੇ ਵਿਧਾਇਕਾਂ ਨੂੰ ਵੀ ਘੱਟ ਮਿਲਦੇ ਹਨ। ਅਜਿਹਾ ਮੁੱਖ ਮੰਤਰੀ ਲੋਕਾਂ ਦਾ ਦਰਦ ਕਿਵੇਂ ਦੂਰ ਕਰ ਸਕੇਗਾ? ਵੋਟਾਂ ਲੈਣ ਤੋਂ ਬਾਅਦ ਕਾਂਗਰਸ ਦੇ ਮੁੱਖ ਮੰਤਰੀ ਤੇ ਮੰਤਰੀ ਵੋਟਰਾਂ ਦਾ ਧੰਨਵਾਦ ਕਰਨਾ ਵੀ ਭੁੱਲ ਗਏ। ਹੋਰ ਸੂਬੇ ਦੇ ਲੋਕ ਉਨ੍ਹਾਂ ਤੋਂ ਕੀ ਆਸ ਰੱਖ ਸਕਦੇ ਹਨ? ਸ. ਰੱਖੜਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਕਾਂਗਰਸ ਦੇ 100 ਦਿਨਾਂ ਬਾਅਦ ਹੀ ਹੁਣ ਬਾਦਲ ਸਰਕਾਰ ਦੀ ਯਾਦ ਆਉਣ ਲੱਗ ਪਈ ਹੈ। ਸੂਬੇ ਦੇ ਲੋਕਾਂ ਨੇ ਜਿਹੜੀ ਉਮੀਦ ਨਾਲ ਕਾਂਗਰਸ ਨੂੰ ਵੋਟਾਂ ਪਾ ਕੇ ਸੱਤਾ ਵਿਚ ਲਿਆਂਦਾ ਸੀ, ਅੱਜ ਓਹੀ ਲੋਕ ਕਾਂਗਰਸ ਤੋਂ ਕਿਨਾਰਾ ਕਰਨ ਲੱਗੇ ਹੋਏ ਹਨ।
ਇਸ ਮੌਕੇ ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਇੰਦਰਜੀਤ ਰੱਖੜਾ, ਭੁਪਿੰਦਰ ਸਿੰਘ ਡਕਾਲਾ, ਮਲਕੀਤ ਡਕਾਲਾ, ਬਲਵਿੰਦਰ ਬਰਸਟ ਅਤੇ ਜਸਪਾਲ ਕਲਿਆਣ ਆਦਿ ਵੀ ਹਾਜ਼ਰ ਸਨ।