ਸਾਡੇ ਤੋਂ ਆਪਣਾ ਪਰਿਵਾਰ ਸਾਂਭਿਆ ਨਹੀਂ ਜਾ ਰਿਹਾ, ਚੌਟਾਲਾ ਪਰਿਵਾਰ ਕਿਥੋਂ ਸਾਂਭੀਏ : ਬਾਦਲ

11/17/2018 6:29:11 PM

ਪਟਿਆਲਾ (ਬਖਸ਼ੀ) : ਚੌਟਾਲਾ ਪਰਿਵਾਰ 'ਚ ਪੈਦਾ ਹੋਏ ਕਲੇਸ਼ 'ਤੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਾਡੇ ਤੋਂ ਆਪਣੇ ਘਰਾਂ ਦੇ ਝਗੜੇ ਤਾਂ ਨਜਿੱਠੇ ਨਹੀਂ ਜਾ ਰਹੇ ਤਾਂ ਚੌਟਾਲਾ ਪਰਿਵਾਰ ਕਿੱਥੋਂ ਸੰਭਾਲਾਂਗੇ। ਕਾਂਗਰਸ 'ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਦਾ ਕਾਂਗਰਸ ਦਾ ਇਕੋ-ਇਕ ਨਿਸ਼ਾਨਾ ਹੈ ਸਿਰਫ ਬਾਦਲ ਪਰਿਵਾਰ ਨੂੰ ਕਮਜ਼ੋਰ ਕਰਨਾ। ਪਟਿਆਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਨੀਤੀ ਸ਼੍ਰੋਮਣੀ ਅਕਾਲੀ ਦਲ ਨੂੰ ਅਲੱਗ-ਥਲੱਗ ਕਰਨਾ ਹੈ। ਬਾਦਲ ਮੁਤਾਬਕ 'ਸਿੱਟ' ਉਹੀ ਕਰਨਾ ਚਾਹੁੰਦੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਜਦਕਿ ਸਾਡੀ ਸਰਕਾਰ ਸਮੇਂ ਐੱਸ. ਆਈ. ਟੀ. ਸਾਰੇ ਮਾਮਲੇ 'ਤੇ ਸੱਚਾਈ ਸਾਹਮਣੇ ਲਿਆ ਚੁੱਕੀ ਹੈ ਤੇ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਹੈ ਕਿ ਦੋਸ਼ੀ ਕੌਣ ਹੈ, ਬਾਵਜੂਦ ਸਿੱਟ ਮਹਿਜ਼ ਖਾਨਾਪੂਰਤੀ ਕਰ ਰਹੀ ਹੈ। 

ਇਕ ਸਵਾਲ ਦੇ ਜਵਾਬ 'ਚ ਬਾਦਲ ਨੇ ਮੀਡੀਆ ਦੀ ਭੂਮਿਕਾ 'ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮੀਡੀਆ ਨੂੰ ਮੌਜੂਦਾ ਹਾਲਾਤ 'ਚ ਚੰਗੀ ਤੇ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ। ਮੀਡੀਆ ਹੀ ਸਹੀ ਦਿਸ਼ਾ ਦੇ ਸਕਦਾ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਗਲਤ ਨੂੰ ਗਲਤ ਜ਼ਰੂਰ ਕਹੇ ਤੇ ਹਰ ਮਾਮਲੇ ਦੀ ਗੰਭੀਰਤਾ ਨੂੰ ਮਾਪ ਕੇ ਅਸਲ ਤਸਵੀਰ ਸਾਹਮਣੇ ਰੱਖਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਪੰਜਾਬ ਨੇ ਵੱਡਾ ਦੁਖਾਂਤ ਝੱਲਿਆ ਅਤੇ ਬਰਗਾੜੀ ਦਾ ਇਨਸਾਫ ਮੋਰਚਾ ਸਿਰਫ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੀ ਪਿੱਠ 'ਤੇ ਕਾਂਗਰਸ ਖੜੀ ਹੈ। ਇਕ ਸਵਾਲ ਦੇ ਜਵਾਬ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ ਜਾਣ ਦਾ ਕੋਈ ਡਰ ਨਹੀਂ ਹੈ ਅਤੇ ਵੱਡੀ ਤੋਂ ਵੱਡੀ ਚੁਣੌਤੀ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਆਉਂਦਾ ਹੈ।