ਪ੍ਰਕਾਸ਼ ਸਿੰਘ ਬਾਦਲ ਨਾਲੋਂ ਮਜੀਠੀਆ ਲਈ ਵੱਧ ਵਕਾਰੀ ਬਣੀ ਬਠਿੰਡਾ ਸੀਟ

05/21/2019 11:56:40 AM

ਬਠਿੰਡਾ : ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸ਼ੀਏ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਬਠਿੰਡਾ ਸੀਟ ਮੁੱਛ ਦਾ ਸਵਾਲ ਬਣੀ ਹੋਈ ਹੈ, ਉਂਝ ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਲਈ ਇਹ ਸੀਟ ਵੱਧ ਵਕਾਰੀ ਜਾਪ ਰਹੀ ਹੈ। ਇਹ ਇਸ ਲਈ ਵੀ ਆਖਿਆ ਜਾ ਸਕਦਾ ਹੈ ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਜਦੋਂ ਪਹਿਲੀ ਤੇ ਦੂਜੀ ਵਾਰ ਚੋਣ ਲੜੀ ਸੀ ਤਾਂ ਉਦੋਂ ਕਮਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਸੀ ਪਰ ਇਸ ਵਾਰ ਹਰਸਿਮਰਤ ਦੇ ਚੋਣ ਪ੍ਰਚਾਰ ਦੀ ਕਮਾਨ ਮਜੀਠੀਆ ਕੋਲ ਰਹੀ। ਉਨ੍ਹਾਂ ਨੇ ਅੰਮ੍ਰਿਤਸਰ ਹਲਕੇ ਤੋਂ ਵੱਧ ਸਮਾਂ ਬਠਿੰਡਾ 'ਚ ਬਿਤਾਇਆ। ਵੱਡੇ ਬਾਦਲ ਇਸ ਵਾਰ ਚੋਣ ਪ੍ਰਚਾਰ ਦੇ ਮੋਹਰੀ ਸੀਨ ਤੋਂ ਕਿਨਾਰੇ 'ਤੇ ਨਜ਼ਰ ਆਏ, ਜੋ ਪਹਿਲਾਂ ਦਿਨ-ਰਾਤ ਚੋਣ ਪ੍ਰਚਾਰ 'ਚ ਜੁਟਦੇ ਰਹੇ ਹਨ। ਬਠਿੰਡਾ ਹਲਕੇ 'ਚ ਨਵੇਂ ਚਰਚੇ ਛਿੜੇ ਹਨ ਕਿ ਵੱਡੇ ਬਾਦਲ ਪਹਿਲਾਂ ਵਾਂਗ ਬਠਿੰਡਾ ਚੋਣ ਵਿਚ ਪੱਬਾਂ ਭਾਰ ਕਿਉਂ ਨਹੀਂ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਾਦਗੀ ਪੱਤਰ ਦਾਖ਼ਲ ਕਰਨ ਬਠਿੰਡਾ ਆਏ ਤੇ ਉਸ ਦਿਨ ਉਹ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੂੰ ਵੀ ਮਿਲੇ ਸਨ। ਉਸ ਮਗਰੋਂ ਵੱਡੇ ਬਾਦਲ ਬਠਿੰਡਾ ਤੇ ਮਾਨਸਾ ਸ਼ਹਿਰ ਵਿਚ ਕਿਤੇ ਵੀ ਨਜ਼ਰ ਨਹੀਂ ਆਏ। ਹਾਲਾਂਕਿ ਇਨ੍ਹਾਂ ਸ਼ਹਿਰਾਂ ਦੇ ਹਿੰਦੂ ਭਾਈਚਾਰੇ 'ਚ ਵੱਡੇ ਬਾਦਲ ਦੀ ਗੱਲ ਸੁਣੀ ਜਾਂਦੀ ਹੈ। ਜਦੋਂ ਵਿਹਲ ਮਿਲੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਜਲਸਿਆਂ ਨੂੰ ਹੀ ਸੰਬੋਧਨ ਕੀਤਾ।


ਦੋਵਾਂ ਬਾਦਲਾਂ ਤੋਂ ਵੱਧ ਸਮਾਂ ਮਜੀਠੀਆ ਨੇ ਬਠਿੰਡਾ ਵਿਚ ਬਿਤਾਇਆ। ਭਾਵੇਂ ਵੱਡੇ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ ਅਗੇਤੀ ਮੁਹਿੰਮ ਵਿੱਢੀ ਸੀ ਪਰ ਪੁਰਾਣੀ ਭੂਮਿਕਾ ਵਿਚ ਐਤਕੀਂ ਉਹ ਨਜ਼ਰ ਨਹੀਂ ਆਏ। ਪਿੰਡਾਂ ਵਿਚ ਵੀ ਆਖਰੀ ਪੜਾਅ 'ਤੇ ਕੁਝ ਦਿਨ ਚੋਣ ਜਲਸੇ ਕੀਤੇ। ਵੱਡੀ ਚਰਚਾ ਇਹ ਵੀ ਹੈ ਕਿ ਵੱਡੇ ਬਾਦਲ ਤੇ ਮਜੀਠੀਆ ਕਿਤੇ ਵੀ ਸਿਆਸੀ ਸਟੇਜ 'ਤੇ ਇਕੱਠੇ ਨਜ਼ਰ ਨਹੀਂ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੀ ਮਜੀਠੀਆ ਕਿਤੇ ਅੱਗੇ ਨਹੀਂ ਦਿਖਾਈ ਦਿੱਤੇ। ਹੁਣ ਜਦੋਂ ਮਜੀਠੀਆ ਦੇ ਹੱਥ ਕਮਾਨ ਰਹੀ ਹੈ ਤਾਂ ਚੋਣ ਨਤੀਜੇ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਣਾ ਸੁਭਾਵਿਕ ਹੈ।
ਤੀਜੀ ਵਾਰ ਬਠਿੰਡਾ ਦੇ ਚੋਣ ਮੈਦਾਨ 'ਚ ਨਿੱਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਵੋਟਰਾਂ ਨਾਲ ਸੰਪਰਕ ਬਣਾਉਣ ਦੀ ਜ਼ਿਆਦਾ ਕੋਸ਼ਿਸ਼ ਕੀਤੀ। ਜਦਕਿ ਵੋਟਾਂ ਵਾਲੇ ਦਿਨ ਬੀਬੀ ਬਾਦਲ ਬਠਿੰਡਾ 'ਚੋਂ ਨਾਦਾਰਦ ਰਹੀ। 
ਦੂਜੇ ਪਾਸੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਵੱਡੇ ਬਾਦਲ ਨੇ ਉਮਰ ਦੇ ਲਿਹਾਜ਼ ਨਾਲ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਹਰਸਿਮਰਤ ਬਾਦਲ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ 'ਤੇ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਰੋਕ ਦਿੱਤਾ ਕਿਉਂਕਿ ਭੁਗਤਾਨ ਦਾ ਕੰਮ ਤੇਜ਼ੀ ਨਾਲ ਚੱਲ ਹੀ ਰਿਹਾ ਸੀ।

Gurminder Singh

This news is Content Editor Gurminder Singh