ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਿਹੈ ਪੰਜਬੀਅਤ ''ਤੇ ਹਮਲੇ - ਜਗਮੀਤ ਢਿੱਲੋਂ

11/28/2017 4:55:52 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ) - ਸੋਚੀ ਸਮਝੀ ਸਾਜਿਸ਼ ਅਤੇ ਦੂਜੀਆਂ ਭਾਸ਼ਾਈ ਸੂਬਿਆਂ ਦੀਆਂ ਨਜ਼ਰਾਂ 'ਚ ਨੀਵਾਂ ਵਿਖਾਉਣ ਲਈ ਪੰਜਾਬੀਆਂ, ਪੰਜਾਬੀਅਤ ਤੇ ਪੰਜਾਬੀ ਭਾਸ਼ਾ 'ਤੇ ਗੈਰ ਇਖਲਾਕੀ ਹਮਲੇ ਹੋ ਰਹੇ ਹਨ, ਜੋ ਬਰਦਾਸ਼ਤ ਤੋਂ ਬਾਹਰ ਹਨ। ਇਹ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਵਿਦਿਆਰਥੀ, ਨੌਜਵਾਨ ਆਗੂ ਅਤੇ ਹਰਿਆਵਲ ਫਾਊਡੇਂਸ਼ਨ ਦੇ ਸੂਬਾ ਉੱਪ ਚੇਅਰਮੈਨ ਜਗਮੀਤ ਸਿੰਘ ਢਿੱਲੋਂ ਗੰਡੀਵਿੰਡ ਨੇ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਅੰਦਰ ਸਤਿਕਾਰ ਨਹੀਂ ਮਿਲ ਰਿਹਾ ਹੈ, ਜਦ ਕਿ ਦੂਜਿਆਂ ਸੂਬਿਆਂ ਅਤੇ ਦੂਜੀਆਂ ਭਾਸ਼ਾਵਾਂ ਦੇ ਲੋਕ ਪੰਜਾਬੀ ਨੂੰ ਸਤਿਕਾਰ ਦਿਵਾਉਣ ਲਈ ਪੈਦਲ ਯਾਤਰਾ ਕੱਢ ਕੇ ਪੰਜਾਬੀ ਨੂੰ ਮਾਣ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਢਿੱਲੋਂ ਨੇ ਕਿਹਾ ਕਿ ਪੰਜਾਬੀ(ਗੁਰਮੁੱਖੀ) ਭਾਸ਼ਾ ਸਾਡੇ ਗੁਰੂਆਂ ਤੇ ਰਹਿਬਰਾਂ ਦੀ ਭਾਸ਼ਾ ਹੈ, ਜਿਸ ਲਿੱਪੀ 'ਚ ਸਾਡੇ ਧਰਮ ਗ੍ਰੰਥਾਂ ਦੀ ਸਿਰਜਨਾ ਹੋਣ ਦੇ ਨਾਲ ਇਸ ਭਾਸ਼ਾ ਨੂੰ ਯੂ. ਐੱਸ. ਏ. ਵਰਗੇ ਤਾਕਤਵਰ ਦੇਸ਼ਾਂ ਵੱਲੋਂ ਵੀ ਪੂਰਾ ਸਨਮਾਨ ਦਿੱਤਾ ਗਿਆ ਹੈ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਸੂਬੇ 'ਚ ਵਿਦੇਸ਼ੀ 'ਤੇ ਹਿੰਦੂ ਭਾਸ਼ਾਵਾਂ ਨੂੰ ਪਹਿਲਾਂ, ਦੂਜਾ ਅਤੇ ਪੰਜਾਬੀ ਨੂੰ ਸਾਇਨ ਬੋਰਡਾਂ 'ਤੇ ਤੀਜਾ ਸਥਾਨ ਦਿੱਤਾ ਗਿਆ ਹੈ। ਜਗਮੀਤ ਸਿੰਘ ਢਿੱਲੋਂ ਨੇ ਪੰਜਾਬੀ ਨੂੰ ਆਪਣੇ ਪੰਜਾਬ 'ਚ ਹੀ ਪਰਾਈ ਕਰਨ ਦੇ ਸੌੜੀ ਹਿੱਤਾਂ ਵਾਲੇ ਸਿਆਸਤਦਾਨਾਂ 'ਤੇ ਦੋਸ਼ ਲਾਉਦਿਆਂ ਕਿਹਾ ਕਿ ਸੂਬੇ ਦੀ ਹਕੂਮਤ ਨੂੰ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਸਿਰ ਦਾ ਤਾਜ ਬਣਾਉਣ ਲਈ ਵਿਸ਼ੇਸ਼ ਕਾਨੂੰਨ ਲਿਆਉਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਭਾਸ਼ਾ ਦਾ ਕੋਈ ਅਪਮਾਨ ਕਰਨ ਦੀ ਹਿੰਮਤ ਨਾ ਕਰ ਸਕੇ। ਜਗਮੀਤ ਸਿੰਘ ਢਿੱਲੋਂ ਨੇ ਇਸ ਦੇ ਨਾਲ ਹੀ ਪੰਜਾਬ ਦੀ ਧਰਤੀ ਮਜੀਠਾ 'ਤੇ ਜਨਮੇ ਦਿਆਲ ਸਿੰਘ ਮਜੀਠੀਆ ਦੀਆਂ ਅਨੂਠੀਆਂ ਕੁਰਬਾਨੀਆਂ ਨੂੰ ਵਿਸਾਰ ਕੇ ਦਿੱਲੀ ਹਕੂਮਤ ਵੱਲੋਂ ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣ ਦੀ ਜੋਰਦਾਰ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਹ ਵੀ ਪੰਜਾਬੀਅਤ 'ਤੇ ਵੱਡਾ ਹਮਲਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਢਿੱਲੋਂ ਨੇ ਕਿਹਾ ਕਿ ਹਿੰਦੂਤਵ ਸੋਚ ਵਾਲੀਆਂ ਹਕੂਮਤਾਂ ਵੱਲੋਂ ਸਿੱਖ ਫਲਸਫੇ ਨੂੰ ਹੌਲੀ ਹੌਲੀ ਇਤਿਹਾਸ ਚੋਂ ਖਤਮ ਕਰਨ ਲਈ ਅਜਿਹੀਆਂ ਘਾਨੌਣੀਆਂ ਕਰਤੂਤਾਂ ਕਰਕੇ ਪੰਜਾਬੀਅਤ ਨੂੰ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਪੰਜਾਬ ਦੀ ਨੌਜਵਾਨ ਪੀੜੀ ਨੂੰ ਪੰਜਾਬੀਆਂ ਦੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਬਜਾਏ ਉਸ ਨੂੰ ਖਤਮ ਕਰਨ ਦੀਆਂ ਸਾਜਿਸ਼ਾ ਘੜੀਆਂ ਜਾ ਰਹੀਆਂ ਹਨ ਤਾਂ ਕਿ ਘੱਟ ਗਿਣਤੀ ਪੰਜਾਬੀਆਂ ਨੂੰ ਅੱਗੇ ਨਾ ਵੱਧਣ ਦਿੱਤਾ ਜਾਵੇ। ਢਿੱਲੋਂ ਨੇ ਕਿਹਾ ਕਿ ਜੇਕਰ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ 'ਤੇ ਅਜਿਹੇ ਗੈਰ ਇਖਲਾਕੀ ਹਮਲੇ ਬੰਦ ਨਾ ਹੋਏ ਤਾਂ ਜੀ.ਐੱਨ. ਡੀ. ਯੂ ਦੇ ਵਿਦਿਆਰਥੀ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਕਰਨ ਭੁਲਰ, ਅਕਾਸ਼ ਗਿੱਲ, ਕੰਵਲਪਾਲ, ਮਨੀ ਸੋਹੀ, ਚਾਂਦ ਸੰਧੂ, ਅਰਸ਼ ਢਿੱਲੋਂ, ਦੀਪਕ ਕੱਕੜ ਆਦਿ ਹਾਜ਼ਰ ਸਨ।