ਪੰਚਾਇਤੀ ਚੋਣਾਂ: 'ਸੱਥਾਂ' 'ਚ ਜਿੱਤ-ਹਾਰ ਦੀਆਂ ਸ਼ਰਤਾਂ ਲੱਗਣੀਆਂ ਹੋਈਆਂ ਸ਼ੁਰੂ

12/18/2018 11:27:51 AM

ਮੋਗਾ (ਗੋਪੀ ਰਾਊਕੇ)—ਪੰਜਾਬ 'ਚ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਕਰ ਕੇ ਜਿਥੇ ਹਰ ਪਾਸੇ ਸਰਦੀ ਦੇ ਮੌਸਮ ਦੌਰਾਨ ਵੀ ਮਾਹੌਲ ਸਿਆਸੀ ਗਰਮੀ ਵਾਲਾ ਬਣ ਗਿਆ ਹੈ, ਉੱਥੇ ਹੀ ਲੋਕ ਰਾਜ ਦੀ ਮੁੱਢਲੀ ਇਕਾਈ ਪੰਚਾਇਤੀ ਚੋਣਾਂ ਦਾ ਰੰਗ ਮਾਲਵਾ ਖਿੱਤੇ ਦੀਆਂ 'ਸੱਥਾਂ' ਨੂੰ ਚੜ੍ਹਨ ਲੱਗਾ ਹੈ। ਸਵੇਰ ਹੁੰਦਿਆਂ ਜਿਉਂ ਹੀ ਧੁੱਪ ਨਿਕਲਣ ਲੱਗਦੀ ਹੈ ਤਾਂ ਪਿੰਡਾਂ ਦੇ ਲੋਕ ਇਨ੍ਹਾਂ ਸੱਥਾਂ 'ਚ ਇਕੱਠੇ ਹੋ ਕੇ ਪੰਚਾਇਤੀ ਚੋਣਾਂ 'ਚ ਕਿਸ ਉਮੀਦਵਾਰ ਦੇ ਬੋਝੇ 'ਚ ਕਿੰਨੀਆਂ ਵੋਟਾਂ ਹਨ, ਇਸ ਸਬੰਧੀ ਗੱਲਬਾਤ ਕਰਨ ਲੱਗਦੇ ਹਨ। ਜਿਉਂ-ਜਿਉਂ ਧੁੱਪ ਤਿੱਖੀ ਹੁੰਦੀ ਹੈ ਤਾਂ ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿਚ ਤੇਜ਼ੀ ਆ ਜਾਂਦੀ ਹੈ। ਪੇਂਡੂਆਂ ਵੱਲੋਂ ਚੋਣਾਂ ਸਬੰਧੀ ਸ਼ੁਰੂ ਹੁੰਦੀ ਇਹ ਚਰਚਾ ਪੂਰਾ ਦਿਨ ਚੱਲਦੀ ਰਹਿੰਦੀ ਹੈ।

'ਜਗ ਬਾਣੀ' ਦੀ ਟੀਮ ਵੱਲੋਂ ਅੱਜ ਜਦੋਂ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ 341 ਪਿੰਡਾਂ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਖਿੱਤੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਪਿੰਡਾਂ ਦੀਆਂ ਸੱਥਾਂ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਇਹ ਗਵਾਹੀ ਵੀ ਭਰ ਰਹੀਆਂ ਸਨ ਕਿ ਭਾਵੇਂ ਆਧੁਨਿਕਤਾ ਦੇ ਦੌਰ 'ਚ ਹਰ ਪਾਸੇ ਪਹਿਲਾਂ ਨਾਲੋਂ ਕਾਫੀ ਬਦਲਾਅ ਆਇਆ ਹੈ ਪਰ ਹਾਲੇ ਵੀ ਪਿੰਡਾਂ ਦੀਆਂ 'ਸੱਥਾਂ' ਵਿਚ ਹੁੰਦੀ ਚਰਚਾ ਲੋਕ ਰਾਜ ਦੀ ਨੀਂਹ ਮੰਨੀਆਂ ਜਾਂਦੀਆਂ ਪੰਚਾਇਤੀ ਚੋਣਾਂ ਅਹਿਮ ਮੰਨੀਆਂ ਜਾਂਦੀਆਂ ਹਨ। ਸਭ ਤੋਂ ਖਾਸ ਪਹਿਲੂ ਸੱਥਾਂ ਦਾ ਇਹ ਹੈ ਕਿ ਇਨ੍ਹਾਂ ਸੱਥਾਂ 'ਚ ਬੈਠਣ ਵਾਲੇ ਆਮ ਲੋਕ ਪਿੰਡ ਪੱਧਰ 'ਤੇ ਵੱਖੋ-ਵੱਖਰੇ ਉਮੀਦਵਾਰਾਂ ਦੇ ਸਮਰਥਕ ਹੁੰਦੇ ਹਨ ਪਰ ਫਿਰ ਵੀ ਪੂਰਾ ਦਿਨ ਚੱਲਦੀ ਚਰਚਾ ਆਮ ਤੌਰ 'ਤੇ ਇੰਨੀ ਸਾਰਥਕ ਰਹਿੰਦੀ ਹੈ ਕਿ ਚਰਚਾ ਦੌਰਾਨ ਤਲਖ ਕਲਾਮੀ ਤੱਕ ਪੁੱਜਣ ਵਾਲੇ ਲੋਕ ਵੀ ਥੋੜ੍ਹੇ ਸਮੇਂ ਬਾਅਦ ਫਿਰ 'ਇਕ-ਮਿੱਕ' ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ 'ਸੱਥਾਂ' ਵਿਚ ਉਮੀਦਵਾਰਾਂ ਦੀ ਜਿੱਤ-ਹਾਰ ਲਈ ਸ਼ਰਤਾਂ ਲੱਗਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਸ਼ਰਤਾਂ ਦਾ ਦੌਰ ਹੋਰ ਵਧਣ ਦੀ ਸੰਭਾਵਨਾ ਹੈ।

Shyna

This news is Content Editor Shyna