ਪੰਚਾਇਤੀ ਚੋਣਾਂ : ਚੋਣ ਅਮਲੇ ਦੀ ਹੋਈ ਪਹਿਲੀ ਰਿਹਰਸਲ

12/18/2018 6:04:11 PM

ਗੁਰਦਾਸਪੁਰ (ਵਿਨੋਦ) : 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਸਬੰਧੀ ਅੱਜ ਜ਼ਿਲੇ ਭਰ ਵਿਚ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ, ਜਿਸ ਵਿਚ ਚੋਣ ਪ੍ਰਕਿਰਿਆ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ। ਗੁਰਦਾਸਪੁਰ, ਦੀਨਾਨਗਰ, ਡੇਰਾ ਬਾਬਾ ਨਾਨਕ, ਬਟਾਲਾ ਸਮੇਤ ਵੱਖ-ਵੱਖ ਬਣੇ ਚੋਣ ਕੇਂਦਰਾਂ ਵਿਚ ਚੋਣ ਅਮਲੇ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਐੱਸ. ਡੀ. ਐੱਮ. ਗੁਰਦਾਸਪੁਰ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਰਿਹਰਸਲ ਕਰਵਾਈ ਗਈ ਹੈ। ਉਨ੍ਹਾਂ ਐੱਸ. ਡੀ. ਕਾਲਜ. ਗੁਰਦਾਸਪੁਰ ਵਿਖੇ ਚੋਣ ਅਮਲੇ ਦੀ ਰਿਹਰਸਲ ਦਾ ਨਿਰੀਖਣ ਵੀ ਕੀਤਾ ।
ਦੱਸਣਯੋਗ ਹੈ ਪੰਚਾਇਤੀ ਚੋਣਾਂ ਸਬੰਧੀ 19 ਦਸੰਬਰ ਤੱਕ ਨਾਮਜ਼ਦਗੀ ਪੱਤਰ ਭਰੇ ਜਾਣਗੇ। 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ, 21 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਤੇ 30 ਦਸੰਬਰ ਨੂੰ ਵੋਟਾਂ ਪੈਣਗੀਆਂ।  ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ ਵੋਟਾਂ ਵਾਲੇ ਦਿਨ ਹੀ ਪੋਲਿੰਗ ਸਟੇਸ਼ਨਾਂ 'ਤੇ ਹੋਵੇਗੀ। ਚੋਣਾਂ ਬੈਲਟ ਪੇਪਰ ਰਾਹੀਂ ਹੋਣਗੀਆਂ। ਜ਼ਿਲੇ ਵਿਚ ਕੁਲ 1280 ਪੰਚਾਇਤਾਂ ਹਨ।