ਪੰਚਾਇਤ ਪ੍ਰਣਾਲੀ ਨੂੰ ਤਬਾਹ ਕਰ ਰਹੇ ਸੱਤਾਧਾਰੀ ਤੇ ਭ੍ਰਿਸ਼ਟ ਅਫਸਰ : ''ਆਪ''

07/02/2019 2:39:16 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਾਇਆ ਹੈ ਕਿ ਪਿਛਲੀ ਬਾਦਲ ਸਰਕਾਰ ਦੇ ਰਾਹ 'ਤੇ ਚੱਲਦਿਆਂ ਸੱਤਾਧਾਰੀ ਕਾਂਗਰਸੀਆਂ ਅਤੇ ਭ੍ਰਿਸ਼ਟ ਅਫਸਰਾਂ ਦੀ ਤਾਨਾਸ਼ਾਹੀ ਨੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। 'ਆਪ' ਹੈੱਡਕੁਆਰਟਰ ਵੱਲੋਂ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੋਲੀਟੀਕਲ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਅਤੇ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਤੰਬਰ 2018 'ਚ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਹੋਈਆਂ ਸਨ, 9 ਮਹੀਨੇ ਲੰਘਣ ਦੇ ਬਾਵਜੂਦ ਅਜੇ ਤੱਕ ਬਲਾਕ ਸੰਮਤੀਆਂ ਅਤੇ ਜ਼ਿਲਾ ਪਰਿਸ਼ਦਾਂ ਦੇ ਚੇਅਰਮੈਨਾਂ ਦੀ ਚੋਣ ਨਹੀਂ ਕਰਵਾਈ ਗਈ, ਇਥੋਂ ਤੱਕ ਕਿ ਅਹੁਦੇ ਦੀ ਸਹੁੰ ਚੁਕਾਉਣ ਦੀ ਪ੍ਰਕਿਰਿਆ ਵੀ ਪੂਰੀ ਨਹੀਂ ਕੀਤੀ ਗਈ, ਜੋ ਸਿੱਧੇ ਤੌਰ 'ਤੇ ਖੁਦ ਸਰਕਾਰ ਲੋਕਤੰਤਰਿਕ ਸੰਸਥਾਵਾਂ ਨੂੰ ਕਤਲ ਕਰ ਰਹੀ ਹੈ।

'ਆਪ' ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਵਿਧਾਇਕ ਅਤੇ ਲੋਕਾਂ ਵੱਲੋਂ ਰੱਦ ਕੀਤੇ ਹੋਏ ਕਥਿਤ ਹਲਕਾ ਇੰਚਾਰਜ ਅਫਸਰਾਂ ਨਾਲ ਮਿਲ ਕੇ ਤਾਨਾਸ਼ਾਹੀ 'ਤੇ ਉਤਰੇ ਹੋਏ ਹਨ। ਜੂਨ ਮਹੀਨੇ ਹੋਣ ਵਾਲੇ ਛਿਮਾਹੀ ਗ੍ਰਾਮ ਸਭਾ ਇਜਲਾਸ ਸਿਰਫ ਕਾਗਜ਼ਾਂ 'ਚ ਹੀ ਦਿਖਾਏ ਜਾ ਰਹੇ ਹਨ। ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਚਾਇਤਾਂ ਦੇ ਕੰਮਾਂ-ਕਾਰਾਂ 'ਚ ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਸਿੱਧੀ ਦਖਲਅੰਦਾਜ਼ੀ ਨੇ ਨਾ ਕੇਵਲ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਠੱਪ ਕਰ ਛੱਡਿਆ ਹੈ, ਸਗੋਂ ਪਿੰਡਾਂ 'ਚ ਧੜੇਬਾਜ਼ੀ ਵਧਾ ਦਿੱਤੀ ਹੈ, ਜਿਸ ਦੀ ਸਭ ਤੋਂ ਵੱਧ ਕੀਮਤ ਗਰੀਬ, ਦਲਿਤ ਅਤੇ ਮਨਰੇਗਾ 'ਤੇ ਨਿਰਭਰ ਟੱਬਰਾਂ ਨੂੰ ਚੁਕਾਉਣੀ ਪੈ ਰਹੀ ਹੈ।

Anuradha

This news is Content Editor Anuradha