ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ

11/14/2022 2:21:47 PM

ਜਲੰਧਰ (ਨੈਸ਼ਨਲ ਡੈਸਕ)- ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਭਾਰਤ ਖ਼ਿਲਾਫ਼ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਦੇਸ਼ ਦੀ ਖੁਫ਼ੀਆ ਏਜੰਸੀ ਮੁਤਾਬਕ ਪਾਕਿਸਤਾਨੀ ਆਈ. ਐੱਸ. ਆਈ ਤੇ ਖਾਲਿਸਤਾਨੀ ਅੱਤਵਾਦੀ ਸੰਗਠਨ ਪੰਜਾਬ ’ਚ ਹਿੰਦੂ-ਸਿੱਖ ਦੰਗਿਆਂ ਦੀ ਸਾਜ਼ਿਸ਼ ਰਚ ਰਹੇ ਹਨ। ਆਈ. ਐੱਸ. ਆਈ. ਆਪਣੀ ਇਸ ਨਾਪਾਕ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪੰਜਾਬ ’ਚ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਵਾ ਰਹੀ ਹੈ। ਹਾਲ ਹੀ ’ਚ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਤੇ ਫਰੀਦਕੋਟ ’ਚ ਪ੍ਰਦੀਪ ਸਿੰਘ ਦਾ ਕਤਲ ਇਸੇ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਇਹੀ ਨਹੀਂ ਰਿਪੋਰਟ ਮੁਤਾਬਕ ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ।

ਪੰਜਾਬ ’ਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼

ਦੱਸਿਆ ਜਾ ਰਿਹਾ ਹੈ ਕਿ ਹਿੰਦੂ-ਸਿੱਖ ਦੰਗਿਆਂ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨ ਦਾ ਮਕਸਦ ਕਸ਼ਮੀਰ ਵਾਂਗ ਖਾਲਿਸਤਾਨ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ ’ਤੇ ਉਠਾਉਣਾ ਹੈ। ਇਸੇ ਸਾਜ਼ਿਸ਼ ਕਾਰਨ ਆਈ. ਐੱਸ. ਆਈ. ਤੇ ਪਾਕਿਸਤਾਨ ’ਚ ਮੌਜੂਦ ਖਾਲਿਸਤਾਨੀ ਅੱਤਵਾਦੀ ਪੰਜਾਬ ’ਚ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਜ਼ਿੰਮੇਵਾਰੀ ਆਈ. ਐੱਸ. ਆਈ. ਨੇ ਕੇ-2 ਡੈਸਕ ਦਾ ਅਹਿਮ ਹਿੱਸਾ ਤੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨੂੰ ਦਿੱਤੀ ਗਈ ਹੈ। ਏਜੰਸੀ ਨੇ ਕਿਹਾ ਹੈ ਕਿ ਇਸ ਸਾਜ਼ਿਸ਼ ’ਚ ਰਿੰਦਾ ਇਕੱਲਾ ਨਹੀਂ ਬਲਕਿ ਕੈਨੇਡਾ ’ਚ ਮੌਜੂਦ ਲਖਵਿੰਦਰ ਸਿੰਘ ਉਰਫ਼ ਲੰਡਾ ਤੇ 1981 ਦੇ ਇੰਡੀਅਨ ਏਅਰਲਾਈਨਜ਼ ਹਾਈਜੈਕ ਕੇਸ ਦਾ ਮੁਲਜ਼ਮ ਗੁਰਜਿੰਦਰ ਸਿੰਘ ਵੀ ਇਸ ਸਾਜ਼ਿਸ਼ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ

ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨੂੰ ਧਮਕੀ

ਖ਼ੁਫ਼ੀਆ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਈ. ਐੱਸ. ਆਈ. ਨੇ ਪੰਜਾਬ ਦੇ ਕਈ ਵੱਡੇ ਹਿੰਦੂ ਆਗੂਆਂ ਦੀ ਸੂਚੀ ਕੇ-2 ਡੈਸਕ ਨੂੰ ਸੌਂਪੀ ਹੈ, ਜਿਨ੍ਹਾਂ ਨੂੰ ਇਕ-ਇਕ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਅੱਤਵਾਦੀ ਇੱਥੇ ਮੌਜੂਦ ਆਪਣੇ ਗੁਰਗਿਆਂ ਰਾਹੀਂ ਮਰਵਾ ਰਹੇ ਹਨ।

ਪੰਜਾਬ ਦੇ ਕਈ ਨੇਤਾਵਾਂ ਨੂੰ ਹਾਲ ਹੀ ’ਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਇਸੇ ਸਾਜ਼ਿਸ਼ ਦਾ ਹਿੱਸਾ ਹਨ। ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਪਾਕਿਸਤਾਨ ਦੇ ਵੱਖ-ਵੱਖ ਨੰਬਰਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਉਨ੍ਹਾਂ ਨੇ ਪੰਜਾਬ ਪੁਲਸ ਨੂੰ ਸ਼ਿਕਾਇਤ ਕੀਤੀ ਹੈ।
ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਕੁਝ ਖਾਲਿਸਤਾਨੀ ਅੱਤਵਾਦੀਆਂ ਦੇ ਏ. ਕੇ. 47 ਨਾਲ ਹਵਾਈ ਫਾਇਰਿੰਗ ਕਰ ਕੇ ਨਿਸ਼ਾਂਤ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਵੀਡੀਓ ਵਾਇਰਲ ਹੋਇਆ ਸੀ।

ਕਈ ਨੇਤਾਵਾਂ ਦੀ ਸੁਰੱਖਿਆ ਵਧਾਈ

ਇਸ ਤੋਂ ਇਲਾਵਾ ਲੁਧਿਆਣਾ ’ਚ ਕਾਂਗਰਸੀ ਆਗੂ ਗੁਰਸਿਮਰਨ ਮੰਡ, ਸ਼ਿਵ ਸੈਨਾ ਪੰਜਾਬ ਦੇ ਮੁਖੀ ਸੰਜੀਵ ਧਨੌਲੀ, ਸੁਧੀਰ ਸੂਰੀ ਦੇ ਪੁੱਤਰ ਮਾਨਿਕ ਸੂਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਇਸ ਸਾਜ਼ਿਸ਼ ਦਾ ਹਿੱਸਾ ਮੰਨੀਆਂ ਜਾ ਰਹੀਆਂ ਹਨ। ਇਸ ਲਈ ਇਸ ਖ਼ੁਫ਼ੀਆ ਰਿਪੋਰਟ ਤੋਂ ਬਾਅਦ ਪੰਜਾਬ ਦੇ ਕਈ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਦੀਵਾਲੀ ਤੋਂ ਠੀਕ ਪਹਿਲਾਂ ਆਪਣੇ ਸਾਂਝੇ ਆਪ੍ਰੇਸ਼ਨ ਦੌਰਾਨ ਅੱਤਵਾਦੀ ਲਖਬੀਰ ਲੰਡਾ, ਹਰਵਿੰਦਰ ਸਿੰਘ ਰਿੰਦਾ ਦੇ ਮਾਡਿਊਲ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਸ ਨੇ ਤਿੰਨਾਂ ਦੋਸ਼ੀਆਂ ਦੇ ਕਬਜ਼ੇ ’ਚੋਂ 3 ਪਿਸਤੌਲ, ਇਕ ਏ.ਕੇ. 47 ਅਸਾਲਟ ਤੇ ਕਾਰਤੂਸ ਬਰਾਮਦ ਕੀਤੇ ਹਨ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਨਿਸ਼ਾਨੇ ’ਤੇ ਕਈ ਹਿੰਦੂਤਵੀ ਤੇ ਆਰ. ਐੱਸ. ਐੱਸ. ਨਾਲ ਸਬੰਧਤ ਆਗੂ ਸਨ।

6 ਗੈਂਗਸਟਰ ਆਈ. ਐੱਸ. ਆਈ. ਦੇ ਸੰਪਰਕ ’ਚ

ਸਾਲ 2016 ਤੋਂ 2020 ਤੱਕ ਵਾਪਰੀਆਂ ਇਹ ਵਾਰਦਾਤਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਕਿਸ ਤਰ੍ਹਾਂ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਤੇ ਪੰਜਾਬ ਦੇ ਗੈਂਗਸਟਰਾਂ ਜ਼ਰੀਏ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਪੰਜਾਬ ਇੰਟੈਲੀਜੈਂਸ ਨੇ ਹਾਲ ਹੀ ’ਚ ਸੁਰੱਖਿਆ ਏਜੰਸੀਆਂ ਨੂੰ ਇਕ ਇਨਪੁਟ ਰਾਹੀਂ ਚਿਤਾਵਨੀ ਦਿੱਤੀ ਸੀ ਕਿ ਪੰਜਾਬ ਦੇ 6 ਗੈਂਗਸਟਰ ਹਨ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਪਾਕਿਸਤਾਨੀ ਏਜੰਸੀ ਦੇ ਸੰਪਰਕ ’ਚ ਹਨ। ਇਨ੍ਹਾਂ ’ਚੋਂ 3 ਅਮਰੀਕਾ, ਜਰਮਨੀ ਤੇ ਕੈਨੇਡਾ ਞਚ ਹਨ, ਜਦੋਂ ਕਿ 2 ਪਾਕਿਸਤਾਨ ਤੇ ਇਕ ਬੈਲਜੀਅਮ ’ਚ ਹੈ। ਉੱਥੇ ਬੈਠ ਕੇ ਉਹ ਭਾਰਤ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਇਨ੍ਹਾਂ ਰਾਹੀਂ ਹੀ ਆਧੁਨਿਕ ਹਥਿਆਰਾਂ ਤੋਂ ਲੈ ਕੇ ਡਰੱਗਸ ਤੇ ਗੋਲਾ ਬਾਰੂਦ ਤੱਕ ਪੰਜਾਬ ’ਚ ਪਹੁੰਚਾਇਆ ਜਾ ਰਿਹਾ ਹੈ।
18 ਜਨਵਰੀ 2016 ਨੂੰ ਲੁਧਿਆਣਾ ’ਚ ਆਰ. ਐੱਸ. ਐੱਸ. ਦੀ ਸ਼ਾਖਾ ’ਤੇ ਗੋਲੀਬਾਰੀ
3 ਫਰਵਰੀ 2016 ਨੂੰ ਸਥਾਨਕ ਹਿੰਦੂ ਨੇਤਾ ਅਮਿਤ ਅਰੋੜਾ ’ਤੇ ਗੋਲ਼ੀਆਂ ਨਾਲ ਹਮਲਾ
3 ਮਾਰਚ 2016 ਨੂੰ ਹਿੰਦੂ ਨੇਤਾ ਦੁਰਗਾ ਦਾਸ ਗੁਪਤਾ ਦਾ ਕਤਲ
6 ਅਗਸਤ 2016 ਨੂੰ ਆਰ. ਐੱਸ. ਐੱਸ. ਦੇ ਉੱਪ ਪ੍ਰਧਾਨ ਜਗਦੀਸ਼ ਗਗਨੇਜਾ ਦੀ ਹੱਤਿਆ
14 ਜਨਵਰੀ 2017 ਨੂੰ ਅਮਿਤ ਸ਼ਰਮਾ ਦੀ ਗੋਲ਼ੀਆਂ ਮਾਰ ਕੇ ਕਤਲ
17 ਅਕਤੂਬਰ 2017 ਨੂੰ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ
16 ਅਕਤੂਬਰ 2020 ਨੂੰ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਕਤਲ
10 ਫਰਵਰੀ 2020 ਨੂੰ ਪੰਜਾਬ ’ਚ ਸ਼ਿਵ ਸੈਨਾ ਦੇ ਯੂਥ ਵਿੰਗ ਦੇ ਆਗੂ ਹਨੀ ਮਹਾਜਨ ’ਤੇ ਹਮਲਾ

ਹਿੰਦੂ ਨੇਤਾਵਾਂ ’ਤੇ ਹਮਲੇ ਅਤੇ ਕਤਲ

ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਕੇ-2 ਡੈਸਕ ਪਹਿਲਾਂ ਹੀ ਕਸ਼ਮੀਰ ਤੇ ਖਾਲਿਸਤਾਨ ਦੇ ਨਾਂ ’ਤੇ ਭਾਰਤ ’ਚ ਗੜਬੜ ਫੈਲਾਉਣ ਦਾ ਟੀਚਾ ਮਿੱਥ ਚੁੱਕਿਆ ਹੈ ਤੇ ਇਸ ਕੰਮ ’ਚ ਉਹ ਬੜੇ ਸ਼ਾਤਿਰ ਤਰੀਕੇ ਨਾਲ ਖਾਲਿਸਤਾਨੀ ਨਾਲ ਹਮਦਰਦੀ ਰੱਖਣ ਵਾਲੇ ਅਤੇ ਭਾਰਤ ਦੇ ਗੈਂਗਸਟਰਾਂ ਨੂੰ ਮੋਹਰੇ ਵਾਂਗ ਇਸਤੇਮਾਲ ਕਰ ਰਿਹਾ ਹੈ। ਇਸ ਦੀ ਕਾਫੀ ਹੱਦ ਤੱਕ ਕਮਾਨ ਹਰਵਿੰਦਰ ਸਿੰਘ ਰਿੰਦਾ ਨੇ ਸੰਭਾਲ ਰੱਖੀ ਹੈ। ਅਜਿਹਾ ਨਹੀਂ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ’ਚ ਕਿਸੇ ਧਾਰਮਿਕ ਆਗੂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਲੇਹ ਲੱਦਾਖ 'ਚ ਮੋਗਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri