ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪਾਕਿ ਨੇ ਲਾਗੂ ਕੀਤੀਆਂ ਇਹ ਸ਼ਰਤਾਂ

12/29/2018 3:14:03 PM

ਇਸਲਾਮਾਬਾਦ/ਚੰਡੀਗੜ੍ਹ— ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀਆਂ ਤਿਆਰੀਆਂ ਦੋਵਾਂ ਪਾਸੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਲਾਂਘੇ ਨੂੰ ਸਫਲ ਬਣਾਉਣ ਲਈ ਪਾਕਿ ਸਰਕਾਰ ਨੇ ਭਾਰਤ ਸਰਕਾਰ ਸਾਹਮਣੇ 14 ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ 'ਤੇ ਦੋਵਾਂ ਦੇਸ਼ਾਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਇਨ੍ਹਾਂ ਸ਼ਰਤਾਂ ਅਨੁਸਾਰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਾਖ਼ਲੇ ਸਬੰਧੀ ਲੋੜੀਂਦੇ ਦਸਤਾਵੇਜ਼ ਸਬੰਧਿਤ ਵਿਭਾਗਾਂ ਵਿਚ ਜਮ੍ਹਾਂ ਕਰਵਾਉਣੇ ਪੈਣਗੇ। ਇਹ ਇਕਰਾਰਨਾਮਾ ਪਾਕਿਸਤਾਨ ਵਲੋਂ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।

ਇਹ ਹਨ ਮੁੱਖ 14 ਸ਼ਰਤਾਂ—
1. ਇਕਰਾਰਨਾਮੇ ਦੀ ਪਹਿਲੀ ਸ਼ਰਤ ਹੈ ਕਿ ਅਟਾਰੀ ਸਰਹੱਦ ਤੋਂ ਸ਼ਰਧਾਲੂ 15-15 ਜਣਿਆਂ ਦੇ ਜਥੇ ਦੇ ਰੂਪ ਵਿੱਚ ਪਾਕਿਸਤਾਨ ਦਾਖ਼ਲ ਹੋਣਗੇ।

2. ਦੂਜੀ ਸ਼ਰਤ ਹੈ ਕਿ ਹਰ ਸ਼ਰਧਾਲੂ ਕੋਲ ਭਾਰਤ ਦਾ ਪਾਸਪੋਰਟ, ਆਪਣਾ ਪਛਾਣ ਪੱਤਰ ਅਤੇ ਗੁਰਦੁਆਰਾ ਸਾਹਿਬ ਜਾਣ ਲਈ ਭਾਰਤ ਵੱਲੋਂ ਜਾਰੀ ਕੀਤਾ ਕਲੀਅਰੈਂਸ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

3. ਪਾਕਿਸਤਾਨ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਜੋ ਵੀ ਭਾਰਤੀ ਨਾਗਰਿਕ ਉਨ੍ਹਾਂ ਦੀ ਧਰਤੀ ਭਾਵ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਉਨ੍ਹਾਂ ਦੇ ਦੇਸ਼ ਆਵੇਗਾ, ਉਸ ਨੂੰ ਪਾਕਿਸਤਾਨ ਦੇ ਕਾਨੂੰਨ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

4. ਸਿਫਾਰਸ਼ਾਂ ਮੁਤਾਬਕ ਦੋਵੇਂ ਮੁਲਕ ਸ਼ਰਧਾਲੂਆਂ ਲਈ ਆਪੋ-ਆਪਣੇ ਪਾਸੇ ਸੁਵਿਧਾ ਕੇਂਦਰ ਤੇ ਸੁਰੱਖਿਆ ਚੈੱਕ ਪੋਸਟਾਂ ਤੇ ਬੀਮਾ ਸਰਟੀਫਿਕੇਟ ਦੀ ਸਹੂਲਤ ਮਹੱਈਆ ਕਰਵਾਉਣਗੇ।

5. ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵਿਸ਼ੇਸ਼ ਪਰਮਿਟ ਜਾਰੀ ਕੀਤਾ ਜਾਵੇਗਾ ਪਰ ਇਸ ਸਬੰਧੀ ਪਾਕਿਸਤਾਨ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ।

6. ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਭਾਰਤ ਸਰਕਾਰ ਸ਼ਰਧਾਲੂਆਂ ਦੀ ਜਾਣਕਾਰੀ ਤੇ ਕਲੀਅਰੈਂਸ ਸਰਟੀਫਿਕੇਟ ਪਾਕਿਸਤਾਨ ਨੂੰ ਮੁਹੱਈਆ ਕਰਵਾਏਗੀ।

7. ਪਾਕਿਸਤਾਨ ਸਰਕਾਰ ਸਿਰਫ ਕਰਤਾਰਪੁਰ ਸਾਹਿਬ ਜਾਣ ਲਈ ਹੀ ਸ਼ਰਧਾਲੂਆਂ ਨੂੰ ਪਰਮਿਟ ਜਾਰੀ ਕਰੇਗੀ।

8. ਲਾਂਘਾ ਸਵੇਰੇ ਅੱਠ ਤੋਂ ਸ਼ਾਮੀਂ ਪੰਜ ਵਜੇ ਤਕ ਖੋਲ੍ਹਿਆ ਜਾਵੇਗਾ। 

9. ਪਾਕਿਸਤਾਨ ਹਰ ਰੋਜ਼ 500 ਸ਼ਰਧਾਲੂਆਂ ਨੂੰ ਸਿਰਫ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਲਈ ਹੀ ਪਰਮਿਟ ਜਾਰੀ ਕਰੇਗਾ। 

10. ਪਾਕਿਸਤਾਨ ਸਰਕਾਰ ਕੋਲ ਕਿਸੇ ਵੀ ਸ਼ਰਧਾਲੂ ਦੀ ਐਂਟਰੀ 'ਤੇ ਰੋਕ ਲਾਉਣ ਜਾਂ ਦਰਸ਼ਨਾਂ ਲਈ ਦਿੱਤਾ ਸਮਾਂ ਘੱਟ ਕਰਨ ਦਾ ਹੱਕ ਹੋਵੇਗਾ।

11. ਲਾਂਘੇ ਦਾ ਸਮਝੌਤਾ ਕਿਸੇ ਵੀ ਸਮੇਂ ਸੋਧਿਆ ਜਾਂ ਬਦਲਿਆ ਜਾ ਸਕਦਾ ਹੈ।

12. ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਬਾਰੇ ਕਿਸੇ ਤਰ੍ਹਾਂ ਦਾ ਝਗੜਾ ਹੋਣ 'ਤੇ ਮਾਮਲਾ ਕੂਟਨੀਤਿਕ ਸਰੋਤਾਂ ਰਾਹੀਂ ਹੱਲ ਕੀਤਾ ਜਾਵੇਗਾ।

13. ਇਸ ਤੋਂ ਇਲਾਵਾ ਲਾਂਘੇ ਨੂੰ ਕਿਸੇ ਵੀ ਸਮੇਂ ਬੰਦ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। 

14. ਦੋਵੇਂ ਮੁਲਕ ਇੱਕ ਮਹੀਨਾਂ ਪਹਿਲਾਂ ਨੋਟਿਸ ਦੇ ਕੇ ਕਿਸੇ ਸਮੇਂ ਵੀ ਲਾਂਘਾ ਬੰਦ ਕਰ ਸਕਦੇ ਹਨ।

Baljit Singh

This news is Content Editor Baljit Singh