ਕਰਤਾਰਪੁਰ ਸਰਹੱਦ 'ਤੇ ਪਾਕਿ ਨੇ ਖੋਲ੍ਹਿਆ ਇਮੀਗ੍ਰੇਸ਼ਨ ਸੈਂਟਰ

12/03/2018 7:43:49 PM

ਲਾਹੌਰ (ਭਾਸ਼ਾ)- ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਲਈ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਕਰਤਾਰਪੁਰ ਸਰਹੱਦ 'ਤੇ ਇਕ ਇਮੀਗ੍ਰੇਸ਼ਨ ਸੈਂਟਰ ਸਥਾਪਿਤ ਕੀਤਾ ਹੈ। ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਅਟਕੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜੇਗਾ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਕਰਤਾਰਪੁਰ ਵਿਚ ਹੀ ਬਿਤਾਏ ਸਨ।

ਫੈਡਰਲ ਜਾਂਚ ਏਜੰਸੀ (ਐਫ.ਆਈ.ਏ.) ਦੇ ਡਿਪਟੀ ਡਾਇਰੈਕਟਰ (ਪੰਜਾਬ) ਮੁਫਖਰ ਅਦੀਲ ਨੇ ਕਿਹਾ ਕਿਉਂਕਿ ਸਰਹੱਦ ਪਾਰ ਕਰਵਾਉਣ ਵਾਲਾ ਸਥਾਨ, ਅੱਤਵਾਦੀਆਂ, ਮਨੁੱਖੀ ਤਸਕਰਾਂ ਅਤੇ ਨਸ਼ੀਲੇ ਪਦਾਰਥ ਵਿਕਰੇਤਾਵਾਂ ਲਈ ਇਕ ਸੌਖਾ ਨਿਸ਼ਾਨਾ ਬਣ ਸਕਦਾ ਹੈ, ਇਸ ਲਈ ਸਰਹੱਦ ਦੇ ਦੋਹਾਂ ਪਾਸਿਓਂ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਮਜ਼ਬੂਤ ਪ੍ਰਣਾਲੀ ਦੀ ਲੋੜ ਹੈ। ਅਦੀਲ ਨੇ ਡਾਨ ਨਿਊਜ਼ ਪੇਪਰ ਨੂੰ ਦੱਸਿਆ ਕਿ ਐਫ.ਆਈ.ਏ. ਨੇ ਕਰਤਾਰਪੁਰ ਲਾਂਘਾ ਖੋਲਣ ਨੂੰ ਲੈ ਕੇ ਨਾਰੋਵਾਲ (ਲਾਹੌਰ ਤੋਂ ਤਕਰੀਬਨ 120 ਕਿਲੋਮੀਟਰ ਦੂਰ) ਕਰਤਾਰਪੁਰ ਸਰਹੱਦ 'ਤੇ ਇਕ ਇਮੀਗ੍ਰੇਸ਼ਨ ਦਫਤਰ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਐਫ.ਆਈ.ਏ. ਅਧਿਕਾਰੀ ਬੋਰਡਿੰਗ ਅਧਿਕਾਰੀਆਂ ਦੀ ਭੂਮਿਕਾ ਨਿਭਾਉਣਗੇ, ਸਿੱਖ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ ਅਤੇ ਬਾਇਓਮੈਟ੍ਰਿਕ ਤਕਨੀਕ ਰਾਹੀਂ ਉਨ੍ਹਾਂ ਦੀ ਪਛਾਣ ਕਰਨਗੇ। ਵੀਜ਼ਾ ਧਾਰਕ ਸਿੱਖ ਸ਼ਰਧਾਲੂਆਂ ਨੂੰ ਸ਼ਹਿਰ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਕਿ ਪਰਮਿਟ ਧਾਰਕਾਂ ਨੂੰ ਸਿਰਫ ਗੁਰਦੁਆਰਾ ਸਾਹਿਬ ਤੱਕ ਜਾਣ ਦਿੱਤਾ ਜਾਵੇਗਾ। ਇਸ ਲਾਂਘੇ ਦੇ 6 ਮਹੀਨੇ ਅੰਦਰ ਪੂਰਾ ਹੋਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਬੀਤੀ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਰਤਾਰਪੁਰ ਲਾਂਘੇ ਦੀ ਨੀਂਹ ਰੱਖੀ ਗਈ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਅਤੇ ਭਾਰਤ ਤੋਂ ਕਈ ਸਿਆਸੀ ਆਗੂ ਵੀ ਸ਼ਮੂਲੀਅਤ ਕਰਨ ਪਹੁੰਚੇ ਸਨ। 

Sunny Mehra

This news is Content Editor Sunny Mehra