ਪਾਕਿ ਨੂੰ ਆਸ, ਚੋਣਾਂ ਦੇ ਬਾਅਦ ਭਾਰਤ ਕਰੇਗਾ ਕਰਤਾਰਪੁਰ ਲਾਂਘੇ 'ਤੇ ਗੱਲਬਾਤ

05/13/2019 4:20:27 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੂੰ ਆਸ ਹੈ ਕਿ ਭਾਰਤ ਵਿਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਦੇ ਬਾਅਦ ਕਰਤਾਰਪੁਰ ਕੋਰੀਡੋਰ 'ਤੇ ਸਮਝੌਤੇ ਨੂੰ ਆਖਰੀ ਰੂਪ ਦੇਣ ਲਈ ਗੱਲਬਾਤ ਦੁਬਾਰਾ ਸ਼ੁਰੂ ਹੋਵੇਗੀ। ਇਹ ਗੱਲ ਇਕ ਪਾਕਿਸਤਾਨੀ ਮੀਡੀਆ ਰਿਪੋਰਟ ਵਿਚ ਕਹੀ ਗਈ। ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਵਿਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਜੇਕਰ ਲਾਂਘਾ ਚਾਲੂ ਹੋ ਗਿਆ ਤਾਂ ਭਾਰਤੀ ਸਿੱਖ ਬਿਨਾਂ ਵੀਜ਼ਾ ਦੇ ਪਾਕਿਸਤਾਨ ਸਥਿਤ ਆਪਣੇ ਪਵਿੱਤਰ ਸਥਲ 'ਤੇ ਜਾ ਪਾਉਣਗੇ। 

ਇਕ ਅੰਗਰੇਜ਼ੀ ਅਖਬਾਰ ਦੀ ਇਕ ਰਿਪੋਰਟ ਵਿਚ ਅਧਿਕਾਰਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਕਿਸਤਾਨ ਇਹ ਆਸ ਕਰ ਰਿਹਾ ਹੈ ਕਿ ਭਾਰਤ ਵਿਚ ਨਵੀਂ ਸਰਕਾਰ ਦੇ ਆਉਣ ਦੇ ਬਾਅਦ ਕਰਤਾਰਪੁਰ ਕੋਰੀਡੋਰ 'ਤੇ ਦੁਬਾਰਾ ਗੱਲਬਾਤ ਸ਼ੁਰੂ ਹੋ ਸਕਦੀ ਹੈ। ਇਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਾਕਿਸਤਾਨ ਵੱਲੋਂ ਕਈ ਦੇਰੀ ਨਹੀਂ ਹੈ। ਅਧਿਕਾਰੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਕਿਹਾ,''ਇਹ ਭਾਰਤ ਹੀ ਹੈ ਜੋ ਦੇਰੀ ਕਰ ਰਿਹਾ ਹੈ।'' ਭਾਵੇਂਕਿ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਚੋਣਾਂ ਦੇ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰੇਗਾ।

ਦੋਹਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ 16 ਅਪ੍ਰੈਲ ਨੂੰ ਗੱਲਬਾਤ ਹੋਈ ਸੀ। ਭਾਰਤੀ ਟੀਮ ਨੇ ਅਪ੍ਰੈਲ ਵਿਚ ਪਾਕਿਸਤਾਨ ਜਾਣਾ ਸੀ ਪਰ ਆਖਰੀ ਸਮੇਂ ਵਿਚ ਨਵੀਂ ਦਿੱਲੀ ਨੇ ਬੈਠਕ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ। ਇਸ ਦਾ ਕਾਰਨ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਵੱਲੋਂ ਬਣਾਈ ਗਈ ਕਮੇਟੀ ਨੂੰ ਲੈ ਕੇ ਪੈਦਾ ਹੋਈ ਚਿੰਤਾ ਸੀ। ਕਰਤਾਰਪੁਰ ਕੋਰੀਡੋਰ 'ਤੇ ਪਾਕਿਸਤਾਨ ਵੱਲੋਂ ਨਿਯੁਕਤ 10 ਮੈਂਬਰੀ 'ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ' (ਪੀ.ਐੱਸ.ਜੀ.ਪੀ.ਸੀ.) ਵਿਚ ਕਈ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ ਨੂੰ ਲੈ ਕੇ ਭਾਰਤ ਨੇ ਚਿੰਤਾ ਜ਼ਾਹਰ ਕੀਤੀ ਸੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਲੋਕਸਭਾ ਚੋਣਾਂ ਦਾ ਆਖਰੀ ਪੜਾਅ 19 ਮਈ ਨੂੰ ਹੈ। ਇਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

Vandana

This news is Content Editor Vandana