ਪਾਕਿ ਵਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦੇ ਮਾਮਲੇ ''ਚ ਡੀ. ਜੀ. ਪੀ. ਦਾ ਵੱਡਾ ਬਿਆਨ

09/28/2019 6:36:35 PM

ਪਟਿਆਲਾ (ਬਲਜਿੰਦਰ) : ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਰਾਹੀਂ ਪੰਜਾਬ ਵਿਚ ਭੇਜੇ ਜਾ ਰਹੇ ਹਥਿਆਰਾਂ ਦੇ ਮਾਮਲੇ ਵਿਚ ਪਟਿਆਲਾ ਪਹੁੰਚੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਬੀ. ਐੱਸ. ਐੱਫ. ਦੀ ਅਣਗਹਿਲੀ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਜਾ ਰਹੇ ਹਥਿਆਰਾਂ ਦੇ ਮਾਮਲੇ ਵਿਚ ਪੰਜਾਬ ਪੁਲਸ ਸਮੇਤ ਸਮੁੱਚੀਆਂ ਸੁਰੱਖਿਆ ਏਜੰਸੀਆਂ ਸਹੀ ਦਿਸ਼ਾ ਵਿਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਦੇ ਡੀ. ਜੀ. ਨੇ ਵੀ ਬੀਤੇ ਕੱਲ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਹੈ ਅਤੇ ਉਹ ਵੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਇਹ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ। ਇਸ ਲਈ ਇਸ ਦੀ ਟਰੈਕਿੰਗ ਨੂੰ ਲੈ ਕੇ ਕੁਝ ਸਮਾਂ ਲੱਗਦਾ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਸੂਬੇ ਦੇ ਸਮੂਹ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਜ਼ਿਲਾ ਪੁਲਸ ਮੁਖੀਆਂ ਨਾਲ ਪਟਿਆਲਾ ਵਿਖੇ ਕੀਤੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ 'ਚ ਅਮਨ ਕਾਨੂੰਨ ਤੇ ਨਸ਼ਿਆਂ ਵਰਗੇ ਮੁੱਦਿਆਂ ਸਮੇਤ ਹੋਰ ਕਈ ਪਹਿਲੂਆਂ 'ਤੇ ਵਿਚਾਰ ਵਟਾਂਦਰਾ ਕੀਤਾ। ਪਟਿਆਲਾ ਦੀ ਪੁਲਸ ਲਾਈਨ ਵਿਖੇ ਹੋਈ ਇਸ ਉੱਚ ਪੱਧਰੀ ਮੀਟਿੰਗ ਦੌਰਾਨ ਪੁਲਸ ਵਿਭਾਗ ਦੇ ਸਮੂਹ ਏ.ਡੀ.ਜੀ.ਪੀ., ਆਈ.ਜੀ., ਪੁਲਸ ਕਮਿਸ਼ਨਰ ਅਤੇ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਛੱਡ ਕੇ ਸੂਬੇ ਦੇ ਸਮੂਹ ਜ਼ਿਲਿਆ ਦੇ ਪੁਲਸ ਮੁਖੀ ਵੀ ਹਾਜ਼ਰ ਸਨ।

ਮੀਟਿੰਗ ਉਪਰੰਤ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦੀ ਇਸ ਮੀਟਿੰਗ 'ਚ ਪੰਜਾਬ ਦੇ ਸਮੂਹ ਜ਼ਿਲਿਆਂ ਵਿਚ ਅਮਨ ਕਾਨੂੰਨ ਅਤੇ ਨਸ਼ਿਆਂ ਸਮੇਤ ਹੋਰ ਕਈ ਨਾਜ਼ੁਕ ਮੁੱਦਿਆਂ 'ਤੇ ਪੁਲਸ ਵੱਲੋਂ ਵੱਖ-ਵੱਖ ਫਰੰਟਾਂ 'ਤੇ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ ਕੰਮਾਂ 'ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰੇਕ ਜ਼ਿਲੇ ਦੇ ਕੰਮਕਾਜ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ। ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਸ਼ਾਂਤਮਈ ਮਾਹੌਲ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਸ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਹੈ।

Gurminder Singh

This news is Content Editor Gurminder Singh