ਕਿਸਾਨਾਂ ਦੀਆਂ ਮੰਗਾਂ ਦੇ ਹੱਕ ''ਚ ਭਾਕਿਯੂ ਨੇ ਕੱਢਿਆ ਢੋਲ ਮਾਰਚ

01/15/2018 5:07:47 AM

ਸ਼ਹਿਣਾ/ਭਦੌੜ, (ਸਿੰਗਲਾ)- ਪਿੰਡ ਭੋਤਨਾ 'ਚ ਪਿਛਲੇ ਸਾਲ ਗੜੇਮਾਰੀ ਕਾਰਨ ਤਬਾਹ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਲੈਣ ਸਣੇ ਕਰਜ਼ਾ ਮੁਕਤੀ, ਘਰ-ਘਰ ਰੋਜ਼ਗਾਰ, ਖ਼ੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ, ਬੇਸਹਾਰਾ ਪਸ਼ੂਆਂ ਤੇ ਕੁੱਤਿਆਂ ਦਾ ਪੱਕਾ ਹੱਲ ਕਰਨ, ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਨ, ਕਿਸਾਨਾਂ-ਮਜ਼ਦੂਰਾਂ ਦੀਆਂ ਪੈਨਸ਼ਨਾਂ ਚਾਲੂ ਕਰਨ, ਮਹਿੰਗੀ ਵਿੱਦਿਆ ਖ਼ਤਮ ਕਰ ਕੇ ਸਰਕਾਰੀ ਸਕੂਲਾਂ ਵਿਚ ਮੁਫ਼ਤ ਪੜ੍ਹਾਈ ਦੇਣ, ਸਿਹਤ ਸਹੂਲਤਾਂ ਦੇਣ ਆਦਿ ਮੰਗਾਂ ਲਾਗੂ ਕਰਵਾਉਣ ਲਈ 22 ਜਨਵਰੀ ਤੋਂ 26 ਜਨਵਰੀ ਤੱਕ ਡੀ. ਸੀ. ਦਫ਼ਤਰ ਬਰਨਾਲਾ ਵਿਖੇ ਦਿਨ-ਰਾਤ ਦੇ ਦਿੱਤੇ ਜਾ ਰਹੇ ਪੱਕੇ ਧਰਨੇ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਤੇ ਜ਼ਿਲਾ ਜਨਰਲ ਸਕੱਤਰ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ 'ਚ ਢੋਲ ਮਾਰਚ ਕੱਢਿਆ ਗਿਆ।
ਇਸ ਸਮੇਂ ਚਮਕੌਰ ਸਿੰਘ ਨੈਣੇਵਾਲ ਤੇ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਘਰ-ਘਰ ਨੌਕਰੀ, ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ 'ਤੇ ਲਕੀਰ ਮਾਰਨ, ਬੇਸਹਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ, ਸਿਹਤ ਸਹੂਲਤਾਂ ਤੇ ਵਿੱਦਿਅਕ ਸਹੂਲਤਾਂ ਮੁਫ਼ਤ ਦੇਣ ਸਣੇ ਸਾਰੇ ਵਾਅਦਿਆਂ ਤੋਂ ਕੈਪਟਨ ਸਰਕਾਰ ਮੁਕਰ ਰਹੀ ਹੈ। ਪਿੰਡ ਭੋਤਨਾ ਦੇ ਕਿਸਾਨਾਂ ਦੀ ਗੜੇਮਾਰੀ ਨਾਲ ਤਬਾਹ ਹੋਈ ਫਸਲ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। 
ਕੌਣ ਸਨ ਸ਼ਾਮਲ
ਮਹਿੰਗਾ ਸਿੰਘ ਚੂੰਘਾਂ ਬਲਾਕ ਮੀਤ ਪ੍ਰਧਾਨ, ਸਤਨਾਮ ਸਿੰਘ ਦੀਵਾਨਾ, ਅਜੈਬ ਸਿੰਘ ਭੋਤਨਾ, ਮਿੱਠੂ ਸਿੰਘ, ਗੁਰਨਾਮ ਸਿੰਘ ਫ਼ੌਜੀ ਭੋਤਨਾ, ਜੀਤ ਸਿੰਘ ਸੇਖੋਂ, ਜਰਨੈਲ ਸਿੰਘ ਟੱਲੇਵਾਲ, ਹਰਭਜਨ ਸਿੰਘ ਟੱਲੇਵਾਲ, ਮੱਖਣ ਸਿੰਘ ਟੱਲੇਵਾਲ, ਸੁਖਦੇਵ ਸਿੰਘ ਭੋਤਨਾ ਆਗੂ ਖੇਤ ਮਜ਼ਦੂਰ ਤੇ ਮੇਲਾ ਸਿੰਘ।