ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਝੁਲਸਿਆ ਪੇਂਟਰ

11/21/2023 12:41:28 PM

ਲੁਧਿਆਣਾ (ਬੇਰੀ) : ਗੁਰੂ ਅਰਜਨ ਦੇਵ ਨਗਰ ਇਲਾਕੇ ’ਚ ਇਕ ਘਰ ’ਚ ਪੇਂਟ ਦਾ ਕੰਮ ਕਰ ਰਿਹਾ ਵਿਅਕਤੀ ਛੱਤ ਤੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆ ਕੇ ਝੁਲਸ ਗਿਆ। ਉਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖਮੀ ਪੇਂਟਰ ਯੂ. ਪੀ. ਦਾ ਰਹਿਣ ਵਾਲਾ ਰਿਆਨ ਹੈ। ਹਾਦਸੇ ਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ ਕਾਰਨ ਨੇੜੇ ਦੇ ਘਰਾਂ ਦੇ ਬਿਜਲੀ ਯੰਤਰ ਵੀ ਸੜ ਗਏ। ਇਲਾਕੇ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ।

ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਪੁੱਜੀ। ਜਾਣਕਾਰੀ ਮੁਤਾਬਕ ਗੁਰੂ ਅਰਜਨ ਦੇਵ ਨਗਰ ਦੀ ਸਾਢੇ 4 ਨੰਬਰ ਗਲੀ ਦੇ ਇਕ ਘਰ ਦੀ ਤੀਜੀ ਮੰਜ਼ਿਲ ’ਤੇ ਰਿਆਨ ਪੇਂਟ ਕਰ ਰਿਹਾ ਸੀ। ਘਰ ਉੱਪਰੋਂ ਹਾਈਟੈਂਸ਼ਨ ਤਾਰਾਂ ਲੰਘ ਰਹੀਆਂ ਸਨ। ਪੇਂਟ ਕਰਦੇ ਸਮੇਂ ਰਿਆਨ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਰਿਆਨ ਝੁਲਸ ਕੇ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਤਾਰਾਂ ਜੁੜਨ ਨਾਲ ਨੇੜੇ ਦੇ ਲੋਕਾਂ ਦੇ ਘਰਾਂ ਦੇ ਬਿਜਲੀ ਯੰਤਰ ਸੜ ਗਏ। ਲੋਕਾਂ ਨੇ ਪਾਵਰਕਾਮ ਖ਼ਿਲਾਫ਼ ਰੋਸ ਜਤਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਹਾਦਸਾ ਪਹਿਲੀ ਵਾਰ ਨਹੀਂ ਹੋਇਆ, ਜਦੋਂ ਕਿ ਪਹਿਲਾਂ ਵੀ ਦੋ ਵਾਰ ਹਾਦਸਾ ਹੋ ਚੁੱਕਾ ਹੈ।

ਪਹਿਲਾਂ ਹਾਦਸਿਆਂ ’ਚ ਘਰਾਂ ਦੇ ਬਿਜਲੀ ਯੰਤਰਾਂ ਨੂੰ ਨੁਕਸਾਨ ਹੋਇਆ ਸੀ ਪਰ ਇਸ ਵਾਰ ਕਰੰਟ ਲੱਗਣ ਨਾਲ ਵਿਅਕਤੀ ਦੀ ਹਾਲਤ ਗੰਭੀਰ ਹੋ ਗਈ। ਲੋਕਾਂ ਦਾ ਦੋਸ਼ ਹੈ ਕਿ ਪਾਵਰਕਾਮ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੂੰ ਹਾਈਟੈਂਸ਼ਨ ਤਾਰਾਂ ਦਾ ਹੱਲ ਕਰਨਾ ਚਾਹੀਦਾ ਹੈ। ਪੁਲਸ ਦਾ ਕਹਿਣਾ ਹੈ ਕਿ ਜ਼ਖਮੀ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਹੈ।

Babita

This news is Content Editor Babita